ਸਹਾਇਕ ਕਮਿਸ਼ਨਰ ਨੇ ਸਪਾਂਸਰਸ਼ਿਪ ਅਤੇ ਫੋਸਟਰ ਕੇਅਰ ਦੇ ਕੇਸਾਂ ਸਬੰਧੀ ਕੀਤੀ ਮੀਟਿੰਗ
ਮਾਲੇਰਕੋਟਲਾ 11 ਅਕਤੂਬਰ, 2023: ਲੋੜਵੰਦ ਪਰਿਵਾਰਾਂ ਸਹਾਇਕ ਕਮਿਸ਼ਨਰ ਮਾਲੇਰਕੋਟਲਾ ਗੁਰਮੀਤ ਕੁਮਾਰ ਬਾਂਸਲ ਦੀ ਪ੍ਰਧਾਨਗੀ ਹੇਠ ਮਿਸ਼ਨ ਵਤਸਾਲਿਆ 2022 ਦੀਆਂ ਗਾਈਡ ਲਾਈਨਜ਼ ਅਨੁਸਾਰ ਸਪਾਂਸਰਸ਼ਿਪ ਅਤੇ ਫੋਸਟਰ ਕੇਅਰ ਸਕੀਮ ਸਬੰਧੀ ਮੀਟਿੰਗ ਹੋਈ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨਵਨੀਤ ਕੌਰ, ਸੁਰੱਖਿਆ ਅਫ਼ਸਰ(ਗੈਰ ਸੰਸਥਾਗਤ ਦੇਖਭਾਲ) ਸਿਮਤਾ, ਬਾਲ ਭਲਾਈ ਕਮੇਟੀ ਦੇ ਮੈਂਬਰ ਇਨਾਮ-ਉਰ-ਰਹਿਮਾਨ, ਐਨ.ਜੀ.ਓ ਆਸਿਫ ਹੁਸੈਨ ਤੋਂ ਇਲਾਵਾ ਸਬੰਧਤ ਵਿਭਾਗ ਦੇ ਅਧਿਕਾਰੀ ਮੌਜੂਦ ਸਨ ।
ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨਵਨੀਤ ਕੌਰ ਵੱਲੋਂ ਸਪਾਂਸਰਸ਼ਿਪ ਅਤੇ ਫੋਸਟਰ ਕੇਅਰ ਸਕੀਮ ਅਤੇ ਨਵੇਂ ਆਏ 02 ਕੇਸਾਂ ਬਾਰੇ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਅਣਗੌਲੇ, ਅਨਾਥ ਬੱਚੇ ਜਿਹੜੇ ਦੂਜੇ ਪਰਿਵਾਰਾਂ ਨਾਲ ਰਹਿ ਰਹੇ ਹੋਣ, ਤਲਾਕਸ਼ੁਦਾ ਔਰਤਾਂ ਦੇ ਬੱਚੇ, ਬਾਲ ਵਿਆਹ ਅਤੇ ਬਾਲ ਮਜ਼ਦੂਰੀ ਨਾਲ ਜੁੜੇ ਬੱਚੇ, ਜਿਨ੍ਹਾਂ ਬੱਚਿਆਂ ਦੇ ਮਾਂ-ਬਾਪ ਕਿਸੇ ਬਿਮਾਰੀ ਕਾਰਨ ਪਾਲਣ- ਪੋਸਣ/ਪੜਾਉਣ ਵਿੱਚ ਅਸਮਰਥ ਹੋਣ, ਜਿਨ੍ਹਾਂ ਬੱਚਿਆਂ ਦੇ ਮਾਂ -ਬਾਪ ਜੇਲ੍ਹ ਵਿੱਚ ਹੋਣ, ਜਿਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਸਰੀਰਕ ਅਤੇ ਆਰਥਿਕ ਤੌਰ ਤੇ ਪਰਵਰਿਸ਼ ਕਰਨ ਤੋਂ ਅਸਮਰਥ ਹੋਣ ਅਤੇ ਮਿਸ਼ਨ ਵਤਸਾਲਿਆ 2022 ਦੀਆਂ ਗਾਈਡ ਲਾਈਨਜ਼ ਅਨੁਸਾਰ ਉਨ੍ਹਾਂ ਦੀ ਆਮਦਨ ਸ਼ਹਿਰੀ ਖੇਤਰ ਲਈ 96000 ਰੁਪਏ ਸਲਾਨਾ ਅਤੇ ਪੇਂਡੂ ਖੇਤਰ ਲਈ 72000 ਰੁਪਏ ਸਲਾਨਾ ਤੋਂ ਵੱਧ ਨਾ ਹੋਵੇ। ਅਜਿਹੇ ਪਰਿਵਾਰਾਂ ਦੇ ਬੱਚਿਆਂ ਨੂੰ 4000/- ਰੁ: ਪ੍ਰਤੀ ਮਹੀਨਾ ਰਾਸ਼ੀ ਦਿੱਤੀ ਜਾਂਦੀ ਹੈ।
ਸਹਾਇਕ ਕਮਿਸ਼ਨਰ ਵੱਲੋਂ ਜ਼ਿਲ੍ਹੇ ਨਾਲ ਸਬੰਧਤ ਅਜਿਹੇ ਹੀ 02 ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਇਸ ਸਕੀਮ ਵਿੱਚ ਸ਼ਾਮਲ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਅਸਲ ਲੋੜਵੰਦਾਂ ਦੀ ਮਦਦ ਕਰਨ ਲਈ ਵਚਨਬੱਧ ਹੈ ਤੇ ਸਰਕਾਰ ਦੀਆਂ ਭਲਾਈ ਸਕੀਮਾਂ ਨੂੰ ਅਸਲ ਲੋੜਵੰਦਾਂ ਤੱਕ ਪਹੁੰਚਾਉਣਾ ਯਕੀਨੀ ਬਣਾਇਆ ਜਾ ਰਿਹਾ ਹੈ।ਜ਼ਿਕਰਯੋਗ ਹੈ ਕਿ 03 ਪਰਿਵਾਰਾਂ ਦੇ ਬੱਚਿਆਂ ਨੂੰ ਇਸ ਸਕੀਮ ਵਿੱਚ ਸ਼ਾਮਲ ਕੀਤਾ ਗਿਆ ਸੀ ਜਿਸ ਤਹਿਤ ਹਰ ਮਹੀਨੇ ਚਾਰ ਹਜ਼ਾਰ ਰੁਪਏ ਵਿੱਤੀ ਸਹਾਇਤਾ ਵਜੋਂ ਪ੍ਰਦਾਨ ਕੀਤੇ ਜਾ ਰਹੇ ਹਨ।
ਇਸ ਮੌਕੇ ਗੁਰਮੀਤ ਕੁਮਾਰ ਬਾਂਸਲ ਅਤੇ ਕਮੇਟੀ ਮੈਂਬਰਾਂ ਨੇ ਬੱਚਿਆਂ ਅਤੇ ਪਰਿਵਾਰਾਂ ਨਾਲ ਮਿਲ ਕੇ ਉਨ੍ਹਾਂ ਦੀਆਂ ਪਰੇਸ਼ਾਨੀਆਂ ਬਾਰੇ ਪੁੱਛਿਆ ਗਿਆ ਤੇ ਭਵਿੱਖ ਵਿੱਚ ਵੀ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਗਿਆ। ਉਨ੍ਹਾਂ ਜ਼ਿਲ੍ਹੇ ਦੇ ਜ਼ਰੂਰਤਮੰਦ ਪਰਿਵਾਰ ਇਸ ਯੋਜਨਾ ਤਹਿਤ ਲਾਭ ਲੈਣ ਲਈ ਦਫ਼ਤਰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨਾਲ ਸੰਪਰਕ ਕਰ ਸਕਦੇ ਹਨ । ਵਧੇਰੇ ਜਾਣਕਾਰੀ ਲਈ ਦਫ਼ਤਰੀ ਸਮੇਂ ਦੌਰਾਨ ਦਫ਼ਤਰ ਦੇ ਫ਼ੋਨ ਨੰਬਰ 01672-232100 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।