ਐਮ ਐਲ ਏ ਪਰਮਿੰਦਰ ਸਿੰਘ ਪਿੰਕੀ ਨੇ ਕਮਲ ਸ਼ਰਮਾ ਦੇ ਨਾਮ 'ਤੇ ਹਾਊਸਿੰਗ ਬੋਰਡ ਕਾਲੋਨੀ ਵਿਖੇ ਬਣਨ ਵਾਲੇ ਪਾਰਕ ਦਾ ਰੱਖਿਆ ਨੀਂਹ-ਪੱਥਰ
ਆਪਣੀ ਚੰਗੀ ਸਿਹਤ ਲਈ ਆਲੇ-ਦੁਆਲੇ ਦੇ ਲੋਕਾਂ ਨੂੰ ਸੈਰ ਅਤੇ ਕਸਰਤ ਆਦਿ ਕਰਨ ਲਈ ਮਿਲੇਗੀ ਵਧੀਆ ਸਹੂਲਤ
ਫਿਰੋਜ਼ਪੁਰ: ਐਮ ਐਲ ਏ ਸ. ਪਰਮਿੰਦਰ ਸਿੰਘ ਪਿੰਕੀ ਵਲੋਂ ਸੋਮਵਾਰ ਨੂੰ ਸਾਬਕਾ ਪੰਜਾਬ ਭਾਜਪਾ ਪ੍ਰਧਾਨ ਸਵ. ਕਮਲ ਸ਼ਰਮਾ ਜੀ ਦੇ ਨਾਮ *ਤੇ ਫਿਰੋਜ਼ਪੁਰ ਸ਼ਹਿਰ ਦੀ ਹਾਊਸਿੰਗ ਬੋਰਡ ਕਾਲੋਨੀ ਵਿਖੇ 59.40 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪਾਰਕ ਦਾ ਨੀਂਹ-ਪੱਥਰ ਰੱਖਿਆ ਗਿਆ।
ਸ. ਪਰਮਿੰਦਰ ਸਿੰਘ ਪਿੰਕੀ ਨੇ ਸਵ. ਕਮਲ ਸ਼ਰਮਾ ਜੀ ਨੂੰ ਯਾਦ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਬੇਵਕਤੀ ਮੌਤ ਤੇ ਉਨ੍ਹਾਂ ਨੂੰ ਗਹਿਰਾ ਦੁੱਖ ਹੋਇਆ ਸੀ। ਉਨ੍ਹਾਂ ਕਿਹਾ ਕਿ ਕਮਲ ਸ਼ਰਮਾ ਦੇ ਭੋਗ ਤੇ ਉਨ੍ਹਾਂ ਵੱਲੋਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਮਲ ਸ਼ਰਮਾ ਦੀ ਯਾਦ ਵਿਚ ਸ਼ਹਿਰ *ਚ ਇਕ ਪਾਰਕ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ ਜੋ ਕਿ ਅੱਜ ਉਨ੍ਹਾਂ ਵੱਲੋਂ ਇਹ ਨੀਂਹ ਪੱਥਰ ਰੱਖ ਕੇ ਪੂਰਾ ਕਰ ਦਿੱਤਾ ਗਿਆ ਹੈ। ਉਨ੍ਹਾਂ ਹੋਰਨਾਂ ਆਗੂਆਂ ਨੂੰ ਵੀ ਪਾਰਟੀਬਾਜ਼ੀ ਤੇ ਵੈਰ-ਵਿਰੋਧ ਤੋਂ ਉੱਪਰ ਉੱਠ ਕੇ ਸੂਬੇ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕੰਮ ਕਰਨ ਦਾ ਸੱਦਾ ਦਿੱਤਾ।
ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਫਿਰੋਜ਼ਪੁਰ ਦੇ ਵਿਕਾਸ ਅਤੇ ਖੁਸ਼ਹਾਲੀ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ 400 ਬੈੱਡਾਂ ਵਾਲੇ ਪੀ.ਜੀ.ਆਈ. ਤੋਂ ਇਲਾਵਾ ਸ਼ਹੀਦ ਭਗਤ ਸਿੰਘ ਟੈਕਨੀਕਲ ਕੈਂਪਸ ਨੂੰ ਯੂਨੀਵਰਸਿਟੀ ਬਣਾ ਦਿੱਤਾ ਗਿਆ ਜਿਸ ਲਈ ਫਿਰੋਜ਼ਪੁਰ ਵਾਸੀ ਖਾਸਕਰ ਨੌਜਵਾਨ ਬੱਚੇ ਵਧਾਈ ਦੇ ਪਾਤਰ ਹਨ। ਉਨ੍ਹਾਂ ਆਪਣੇ ਡ੍ਰੀਮ ਪ੍ਰਾਜੈਕਟ ਬਾਰੇ ਦੱਸਿਆ ਕਿ ਭਵਿੱਖ ਵਿੱਚ ਜੇਕਰ ਸੈਂਟਰ ਵਿੱਚ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਉਹ ਪੂਰੀ ਕੋਸ਼ਿਸ਼ ਕਰਨਗੇ ਕਿ ਜ਼ਿਲ੍ਹੇ ਵਿੱਚ ਇਕ ਏਅਰਪੋਰਟ ਵੀ ਬਣਾਇਆ ਜਾ ਸਕੇ।
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸ. ਹਰਜਿੰਦਰ ਸਿੰਘ ਬਿੱਟੂ ਸਾਂਘਾ, ਨਗਰ ਕੌਂਸਲ ਦੇ ਪ੍ਰਧਾਨ ਰਿੰਕੂ ਗਰੋਵਰ, ਮਾਰਕੀਟ ਕਮੇਟੀ ਦੇ ਚੇਅਰਮੈਨ ਸੁਖਵਿੰਦਰ ਸਿੰਘ ਅਟਾਰੀ, ਬਲਾਕ ਸੰਮਤੀ ਦੇ ਚੇਅਰਮੈਨ ਬਲਵੀਰ ਬਾਠ ਤੇ ਮਰਕਸ ਭੱਟੀ, ਦਵਿੰਦਰ ਬਜਾਜ, ਰਾਮ ਅਵਤਾਰ ਵੀ ਹਾਜ਼ਰ ਸਨ।