ਜ਼ਿਲ੍ਹੇ ’ਚ ਸਵੀਪ ਗਤੀਵਿਧੀਆਂ ’ਚ ਹੋਰ ਲਿਆਂਦੀ ਗਈ ਤੇਜ਼ੀ
ਮਾਲੇਰਕੋਟਲਾ, 23 ਅਕਤੂਬਰ, 2023: ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਆਗਾਮੀ ਲੋਕ ਸਭਾ ਚੋਣਾਂ 2024 ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ ਪੱਲਵੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਜ਼ਿਲ੍ਹੇ ਵਿੱਚ ਸਵੀਪ ਗਤੀਵਿਧੀਆਂ ਸਬੰਧੀ ਹੋਰ ਤੇਜੀ ਲਿਆਂਦੀ ਗਈ ਹੈ । ਯੋਗਤਾ ਮਿਤੀ 01.01.2024 ਦੇ ਆਧਾਰ ਤੇ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਹਰੇਕ ਨੌਜਵਾਨ ਦੀ ਵੋਟ ਬਣਾਈ ਜਾ ਰਹੀ ਹੈ ਤਾਂ ਜੋ ਕੋਈ ਵੀ ਨੌਜਵਾਨ ਵੋਟ ਪਾਉਣ ਤੋਂ ਵਾਂਝਾ ਨਾ ਰਹਿ ਜਾਵੇ।
ਸਹਾਇਕ ਨੋਡਲ ਅਫ਼ਸਰ ਮੁਹੰਮਦ ਬਸੀਰ ਨੇ ਦੱਸਿਆ ਕਿ ਮਾਲੇਰਕੋਟਲੇ ਜ਼ਿਲ੍ਹਾ ਦੇ ਅਧੀਨ ਆਉਂਦੇ ਸੀਨੀਅਰ ਸੈਕੰਡਰੀ ਸਕੂਲ, ਆਈਲੈਟਸ ਕੇਂਦਰਾਂ ,ਕਾਲਜਾਂ ਅਤੇ ਹੋਰ ਵਿਦਿਅਕ ਅਦਾਰਿਆਂ ਵਿੱਚ ਜਾ ਕੇ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਨੌਜਵਾਨ ਨੂੰ ਆਪਣੀ ਵੋਟ ਬਣਵਾਉਣ ਅਤੇ ਲੋਕਤੰਤਰ ਵਿੱਚ ਵੋਟ ਦੀ ਮਹਤਤਾ ਪ੍ਰਤੀ ਜਾਗਰੂਕ ਕਰਨ ਲਈ ਵੱਖ ਸਵੀਪ ਗਤੀਵਿਧੀਆਂ ਜਿਵੇਂ ਕਿ ਕਵਿਜ, ਰੰਗੋਲੀ ਪ੍ਰਤੀਯੋਗਤਾ, ਭਾਸ਼ਣ ਮੁਕਾਬਲੇ, ਨਾਟਕ ਆਦਿ ਕਰਵਾਏ ਜਾ ਰਹੇ ਹਨ । ਉਹਨਾਂ ਵੱਲੋਂ ਇਹ ਵੀ ਦੱਸਿਆ ਕਿ ਵੋਟਰ ਸੂਚੀਆਂ ਦੀ ਸਪੈਸ਼ਲ ਸੁਧਾਈ ਯੋਗਤਾ ਮਿਤੀ 01-01-2024 ਦੌਰਾਨ ਵੱਖ-ਵੱਖ ਗਰੁੱਪਾਂ ਦੀ ਪਛਾਣ ਕੀਤੀ ਜਾ ਰਹੀ ਹੈ ਤਾਂ ਜੋ ਇਨ੍ਹਾਂ ਨੂੰ ਵੋਟਰ ਸੂਚੀ ਵਿੱਚ ਸ਼ਾਮਲ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਸਕਣ ।
ਉਨ੍ਹਾਂ ਹੋਰ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਸ਼ਡਿਊਲ ਅਨੁਸਾਰ ਯੋਗਤਾ ਮਿਤੀ 01-01-2024 ਦੇ ਆਧਾਰ ਤੇ ਫ਼ੋਟੋ ਵੋਟਰ ਸੂਚੀਆਂ ਦੀ ਸੁਧਾਈ ਦੇ ਕੰਮ ਮਿਤੀ 27-10-2023 ਤੋਂ 09-12-2023 ਦੌਰਾਨ ਹਰ ਯੋਗ ਵਿਅਕਤੀ, ਜਿਸ ਦੀ ਉਮਰ 01-01-2024 ਨੂੰ 18 ਸਾਲ ਪੂਰੀ ਹੋ ਜਾਂਦੀ ਹੈ ਅਤੇ ਉਸ ਦਾ ਨਾਮ ਭਾਰਤ ਦੇਸ਼ ਦੇ ਕਿਸੇ ਵੀ ਚੋਣ ਹਲਕੇ ਦੀ ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਹੈ ਤਾਂ ਉਹ ਆਪਣਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਕਰਵਾਉਣ ਲਈ ਫਾਰਮ ਨੰ: 6 ਭਰ ਕੇ ਜਾਂ ਆਨਲਾਈਨ https://voters.eci.gov.in/ ਪੋਰਟਲ ਤੇ ਅਪਲਾਈ ਕਰਕੇ ਬਤੌਰ ਵੋਟਰ ਰਜਿਸਟਰ ਹੋ ਸਕਦਾ ਹੈ। ਇਸ ਤੋਂ ਇਲਾਵਾ 27 ਅਕਤੂਬਰ, 2023 ਤੋਂ 9 ਦਸੰਬਰ, 2023 ਤੱਕ ਚੱਲਣ ਵਾਲੀ ਵਿਸ਼ੇਸ਼ ਸਰਸਰੀ ਸੁਧਾਈ 2024 ਦਾ ਹਿੱਸਾ ਬਣੋ ਅਤੇ ਨਵੀਂ ਵੋਟ ਬਣਾਉਣ, ਵੋਟ ਕਟਵਾਉਣ ਜਾਂ ਸੋਧ ਕਰਵਾਉਣ ਲਈ ਆਪਣੀ ਅਰਜ਼ੀ ਦਾਖ਼ਲ ਕਰ ਸਕਦੇ ਹਨ ।
ਉਨ੍ਹਾਂ ਆਮ ਜਨਤਾ ਨੂੰ ਵੀ ਇਹ ਅਪੀਲ ਕੀਤੀ ਕਿ ਜਿਨ੍ਹਾਂ ਦੀ ਵੋਟ ਅਜੇ ਤੱਕ ਨਹੀਂ ਬਣੀ ਹੋਈ, ਉਹ ਆਪਣਾ ਨਾਮ ਲਾਜ਼ਮੀ ਤੋਰ ਤੇ ਵੋਟਰ ਸੂਚੀ ਵਿੱਚ ਸ਼ਾਮਲ ਕਰਵਾਉਣ ਅਤੇ ਭਾਰਤ ਦੇ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਦਾ ਹਿੱਸਾ ਬਣਨ।