ਕੋਵਿਡ-19 ਪੀੜਿਤ ਮ੍ਰਿਤਕ ਦੇ ਅੰਤਿਮ ਸੰਸਕਾਰ ਕਰਨ ਨਾਲ ਕੋਈ ਖ਼ਤਰਾ ਨਹੀਂ ਹੁੰਦਾ: ਸਿਵਲ ਸਰਜਨ
ਸੰਸਕਾਰ ਦੀ ਮੁਕੰਮਲ ਪ੍ਰਕਿਰਿਆ ਮਾਹਿਰਾਂ ਦੀ ਦੇਖ ਰੇਖ ਹੇਠ ਪੂਰੇ ਪ੍ਰਬੰਧਾਂ ਨਾਲ ਕੀਤੀ ਜਾਂਦੀ ਹੈ
ਫ਼ਿਰੋਜ਼ਪੁਰ: ਕੋਵਿਡ-19 ਪੋਜ਼ਿਟਿਵ ਮ੍ਰਿਤਕ ਦੇ ਸਰੀਰ ਦਾ ਸੰਸਕਾਰ ਕਰਨ ਨਾਲ ਕੋਈ ਵਾਧੂ ਖ਼ਤਰਾ ਪੈਦਾ ਨਹੀਂ ਹੁੰਦਾ ਅਤੇ ਸੰਸਕਾਰ ਦੀ ਪੂਰੀ ਪ੍ਰਕ੍ਰਿਆ ਵਿਚ ਸਿਹਤ ਵਿਭਾਗ ਵੱਲੋਂ ਜਾਰੀ ਵਿਸ਼ੇਸ਼ ਹਿਦਾਇਤਾਂ ਦੀ ਪਾਲਨਾ ਕੀਤੀ ਜਾਂਦੀ ਹੈ।ਇਸ ਜਾਣਕਾਰੀ ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਦਿੱਤੀ।
ਡਾ. ਨਵਦੀਪ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਮ੍ਰਿਤਕ ਵਿਅਕਤੀ ਦੇ ਸ਼ਮਸ਼ਾਨਘਾਟ ਵਿਖੇ ਸੰਸਕਾਰ ਕਰਨ ਅਤੇ ਦਫ਼ਨਾਉਣ ਵਾਲੇ ਕਰਮਚਾਰੀਆਂ ਤੇ ਦੇਹ ਸੰਸਕਾਰ ਨਾਲ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ।ਇੱਥੋਂ ਤੱਕ ਕਿ ਦੇਹ ਦੀ ਰਾਖ ਨਾਲ ਵੀ ਕੋਈ ਖ਼ਤਰਾ ਪੈਦਾ ਨਹੀਂ ਹੁੰਦਾ ਅਤੇ ਅੰਤਿਮ ਰਸਮਾਂ ਲਈ ਰਾਖ ਇਕੱਠੀ ਕੀਤੀ ਜਾ ਸਕਦੀ ਹੈ।ਉਨ੍ਹਾਂ ਕਿਹਾ ਕਿ ਸੰਸਕਾਰ ਦੌਰਾਨ ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਮਸ਼ਾਨਘਾਟ ਅਤੇ ਦਫ਼ਨਾਉਣ ਵਾਲੇ ਕਰਮਚਾਰੀਆਂ ਨੂੰ ਹੱਥਾਂ ਦੀ ਸਫ਼ਾਈ, ਮਾਸਕ, ਦਸਤਾਨਿਆਂ ਅਤੇ ਵਿਸ਼ੇਸ਼ ਕਿੱਟ ਦੀ ਵਰਤੋਂ ਯਕੀਨੀ ਬਣਾਉਣ ਦੀ ਲੋੜ ਹੁੰਦੀ ਹੈ ਅਤੇ ਸੰਸਕਾਰ ਦੀ ਮੁਕੰਮਲ ਪ੍ਰਕਿਰਿਆ ਮਾਹਿਰਾਂ ਦੀ ਦੇਖ ਰੇਖ ਹੇਠ ਹੀ ਕੀਤੀ ਜਾਂਦੀ ਹੈ। ਇਸ ਮੌਕੇ ਸਟੈਂਡਰਡ ਸੁਰੱਖਿਆ ਉਪਕਰਨ ਜਿਵੇਂ ਵਾਟਰ ਰਜ਼ਿਸਟੈਂਟ ਐਪਰਨ, ਦਸਤਾਨੇ, ਮਾਸਕ.ਆਈ ਵੇਅਰ ਦੀ ਵਰਤੋਂ ਤੋਂ ਇਲਾਵਾ ਸ਼ਾਰਪਸ ਦਾ ਸੁਰੱਖਿਅਤ ਪ੍ਰਬੰਧਨ ਅਤੇ ਆਲਾ ਦੁਆਲਾ ਰੋਗਾਣੂ ਰਹਿਤ ਕਰਨ ਦਾ ਵਿਸ਼ੇਸ਼ ਖ਼ਿਆਲ ਰੱਖਿਆ ਜਾਂਦਾ ਹੈ।
ਡਾ. ਨਵਦੀਪ ਸਿੰਘ ਨੇ ਇਹ ਵੀ ਦੱਸਿਆ ਕਿ ਮਰਨ ਪਿੱਛੋਂ ਕੀਤੀਆਂ ਜਾਣ ਵਾਲੀਆਂ ਰਸਮਾਂ ਜਿਵੇਂ ਕਿ ਰਿਸ਼ਤੇਦਾਰਾਂ ਨੂੰ ਮੂੰਹ ਦਿਖਾਉਣਾ, ਧਾਰਮਿਕ ਪਾਠ ਪੜ੍ਹਨਾ, ਪਵਿੱਤਰ ਪਾਣੀ ਦਾ ਛਿੜਕਾਅ ਅਤੇ ਕੋਈ ਹੋਰ ਅੰਤਿਮ ਰਸਮ ਜਿਸ ਵਿਚ ਸਰੀਰ ਨੂੰ ਛੂਹਣ ਦੀ ਜ਼ਰੂਰਤ ਨਹੀਂ ਹੁੰਦੀ ਕੀਤੀ ਜਾ ਸਕਦੀ ਹੈ।ਲਾਸ਼ ਨੂੰ ਦਿਖਾਉਣ ਲਈ ਬੈਗ ਖੋਲ੍ਹਣ ਦੀ ਇਜਾਜ਼ਤ(ਸਟਾਫ਼ ਦੁਆਰਾ ਸਾਵਧਾਨੀਆਂ ਵਰਤ ਕੇ)ਸ਼ਮਸ਼ਾਨਘਾਟ ਵਿਖੇ ਦਿੱਤੀ ਜਾ ਸਕਦੀ ਹੈ।ਉਨ੍ਹਾਂ ਇਹ ਸਪਸ਼ਟ ਕੀਤਾ ਕਿ ਮ੍ਰਿਤਕ ਦੇਹ ਨੂੰ ਨਹਾਉਣ, ਚੁੰਮਣ ਅਤੇ ਗਲੇ ਲਗਾਉਣ ਦੀ ਇਜਾਜ਼ਤ ਨਹੀਂ ਹੈ ਅਤੇ ਸੰਸਕਾਰ ਕਰਨ ਵਾਲੇ ਕਰਮਚਾਰੀਆਂ ਅਤੇ ਪਰਿਵਾਰਕ ਮੈਂਬਰਾਂ ਨੂੰ ਅੰਤਿਮ-ਸੰਸਕਾਰ/ਦਫ਼ਨਾਉਣ ਉਪਰੰਤ ਹੱਥਾਂ ਦੀ ਸਹੀ ਤਰੀਕੇ ਨਾਲ ਸਫ਼ਾਈ ਕਰਨੀ ਜ਼ਰੂਰੀ ਹੈ। ਇਸ ਤੋਂ ਇਲਾਵਾ ਅੰਤਿਮ ਸੰਸਕਾਰ ਮੌਕੇ ਇਕੱਠ ਕਰਨ ਦੀ ਵੀ ਮਨਾਹੀ ਹੈ।