ਕਰੋਨਾ ਵਾਇਰਸ ਦਾ ਫਿਰੋਜ਼ਪੁਰ ਜ਼ਿਲ੍ਹੇ ਅੰਦਰ ਨਹੀਂ ਕੋਈ ਪੋਜ਼ੀਟਵ ਕੇਸ : ਸਿਵਲ ਸਰਜਨ
ਹੁਣ ਤੱਕ ਭੇਜੇ ਗਏ ਪੰਜ ਸੈਂਪਲ ਆਏ ਨੈਗੇਟਿਵ
ਫਿਰੋਜ਼ਪੁਰ: ਸਿਹਤ ਵਿਭਾਗ ਅਤੇ ਸਮੁੱਚੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਸ੍ਰ: ਕੁਲਵੰਤ ਸਿੰਘ ਦੀ ਅਗਵਾਈ ਹੇਠ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕਰੋਨਾ ਵਾਇਰਸ ਰੋਗ ਨੂੰ ਕਾਬੂ ਕਰਨ ਹਿੱਤ ਮੁਕੰਮਲ ਚੌਕਸੀ ਰੱਖੀ ਜਾ ਰਹੀ ਹੈ।ਇਹ ਜਾਣਕਾਰੀ ਫਿਰੋਜ਼ਪੁਰ ਦੇ ਸਿਵਲ ਸਰਜਨ ਡਾ:ਨਵਦੀਪ ਸਿੰਘ ਨੇ ਇੱਕ ਵਿਭਾਗੀ ਮੀਟਿੰਗ ਦੌਰਾਨ ਦਿੱਤੀ।
ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਖੁਲਾਸਾ ਕੀਤਾ ਕਿ ਜ਼ਿਲ੍ਹੇ ਅੰਦਰ ਹੁਣ ਤੱਕ ਕਰੋਨਾ ਰੋਗ ਦੇ ਸ਼ੱਕੀ ਮਰੀਜ਼ਾਂ ਦੇ 5 ਸੈਂਪਲ ਟੈੱਸਟ ਲਈ ਭੇਜੇ ਗਏ ਹਨ ਅਤੇ ਇਹਨਾਂ ਪੰਜਾਂ ਦੇ ਹੀ ਰਿਜ਼ਲਟ ਨੈਗੇਟਿਵ ਆਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਅੰਦਰ ਮਰੀਜ਼ਾਂ ਦੀ ਕੁਆਰਨਟਾਈਨ ਅਤੇ ਆਈਸੋਲੇਸ਼ਨ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਵਿਦੇਸ਼ਾਂ ਅਤੇ ਬਾਹਰਲੇ ਸੂਬਿਆਂ ਤੋਂ ਆਏ ਵਿਅਕਤੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 14 ਦਿਨਾਂ ਲਈ ਘਰਾਂ ਅੰਦਰ ਹੀ ਏਕਾਂਤਵਾਸ ਲਈ ਕਿਹਾ ਜਾ ਰਿਹਾ ਹੈ।
ਸਿਵਲ ਸਰਜਨ ਨੇ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਕੋਵਿਡ -19 ਸਬੰਧੀ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਹਿੱਤ ਆਪਣੇ ਘਰਾਂ ਅੰਦਰ ਹੀ ਰਹਿਣ ਦੀ ਅਪੀਲ ਕੀਤੀ ਤਾਂ ਜੋ ਕਰੋਨਾ ਵਾਇਰਸ ਦੀ ਲੜੀ ਨੂੰ ਤੋੜਿਆ ਜਾ ਸਕੇ। ਉਨ੍ਹਾਂ ਅੱਗੇ ਦੱਸਿਆ ਕਿ ਕਰੋਨਾ ਵਾਇਰਸ ਕਿਸੇ ਕਰੋਨਾ ਵਾਇਰਸ ਪੀੜਿਤ ਵਿਅਕਤੀ ਦੇ ਨਿੱਛ ਮਾਰਨ, ਖੰਘਣ ਨਾਲ ਵਿਸ਼ਾਣੂ ਯੁਕਤ ਡਰਾਪਲੈਟਸ ਤੰਦਰੁਸਤ ਵਿਅਕਤੀ ਤੱਕ ਜਾਣ ਨਾਲ ਫੈਲਦਾ ਹੈ ਇਸ ਲਈ ਇਸ ਰੋਗ ਨੂੰ ਰੋਕਣ ਲਈ ਆਪਸੀ ਦੂਰੀ ਬਣਾ ਕੇ ਰੱਖਣੀ ਬਹੁਤ ਮਹੱਤਵਪੂਰਨ ਹੈ। ਇਸ ਲਈ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ 2 ਮੀਟਰ ਦੀ ਦੂਰੀ ਰੱਖਣੀ ਚਾਹੀਦੀ ਹੈ। ਕਰੋਨਾ ਰੋਗ ਦੇ ਫੈਲਾਅ ਨੂੰ ਰੋਕਣ ਲਈ ਵਾਰ ਵਾਰ ਹੱਥ ਧੋਣੇ ਚਾਹੀਦੇ ਹਨ ਅਤੇ ਸੈਨੀਟਾਈਜ਼ਰ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਕਿਸੇ ਵੀ ਤੰਦਰੁਸਤ ਵਿਅਕਤੀ ਨੂੰ ਮਾਸਕ ਦੀ ਜ਼ਰੂਰਤ ਨਹੀਂ ਹੁੰਦੀ ਸਗੋਂ ਖੰਘ, ਜ਼ੁਕਾਮ ਅਤੇ ਬੁਖ਼ਾਰ ਵਾਲੇ ਵਿਅਕਤੀ ਨੂੰ ਇਸ ਦਾ ਇਸਤੇਮਾਲ ਜ਼ਰੂਰੀ ਕਰਨਾ ਚਾਹੀਦਾ ਹੈ।
ਫਿਰੋਜ਼ਪੁਰ ਵਿਚ 20 ਹਜ਼ਾਰ ਫੂਡ ਪੈਕਟ ਅਤੇ 469 ਸੁੱਕੇ ਰਾਸ਼ਨ ਦੀਆਂ ਕਿੱਟਾਂ ਵੰਡੀਆਂ, ਲੋਕਾਂ ਤੱਕ ਮੱਦਦ ਪਹੁੰਚਾ ਰਹੀਆਂ ਵੱਖ-ਵੱਖ ਸੰਸਥਾਵਾਂ
ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਵਿਚ ਜ਼ਰੂਰਤਮੰਦ ਅਤੇ ਗ਼ਰੀਬ ਲੋਕਾਂ ਤੱਕ ਜ਼ਰੂਰੀ ਸੇਵਾਵਾਂ ਪਹੁੰਚਾਉਣ ਲਈ ਚੱਲ ਰਹੀ ਹੈ ਵਿਸ਼ੇਸ਼ ਮੁਹਿੰਮ
ਫਿਰੋਜ਼ਪੁਰ: ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਫਿਰੋਜ਼ਪੁਰ ਵਿਚ ਗ਼ਰੀਬ ਅਤੇ ਜ਼ਰੂਰਤਮੰਦ ਲੋਕਾਂ ਤੱਕ ਮੱਦਦ ਪਹੁੰਚਾਉਣ ਦੀ ਮੁਹਿੰਮ ਤੇਜ਼ੀ ਨਾਲ ਚੱਲ ਰਹੀ ਹੈ। ਫਿਰੋਜ਼ਪੁਰ ਵਿਚ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ 20 ਹਜ਼ਾਰ ਫੂਡ ਪੈਕਟ ਅਤੇ 469 ਸੁੱਕੇ ਰਾਸ਼ਨ ਦੀਆਂ ਕਿੱਟਾਂ ਦੀ ਵੰਡ ਕੀਤੀ ਗਈ ਹੈ। ਫਿਰੋਜ਼ਪੁਰ ਛਾਉਣੀ ਵਿਚ 4500 ਫੂਡ ਪੈਕਟ ਅਤੇ 87 ਸੁੱਕੇ ਰਾਸ਼ਨ ਦੀਆਂ ਕਿੱਟਾਂ ਦੀ ਵੰਡ ਕੀਤੀ ਗਈ ਹੈ। ਇਸੇ ਤਰ੍ਹਾਂ ਫਿਰੋਜ਼ਪੁਰ ਸ਼ਹਿਰ ਵਿਚ 15 ਹਜ਼ਾਰ 500 ਫੂਡ ਪੈਕਟ ਅਤੇ 382 ਸੁੱਕੇ ਰਾਸ਼ਨ ਦੀਆਂ ਕਿੱਟਾਂ ਦੀ ਵੰਡ ਕੀਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਲੋਕਾਂ ਤੱਕ ਮਦਦ ਪਹੁੰਚਾਉਣ ਲਈ ਇੱਕ ਮੰਚ 'ਤੇ ਇਕੱਠਾ ਕੀਤਾ ਗਿਆ ਹੈ, ਜਿਸ ਤੋਂ ਬਾਅਦ ਲੋਕਾਂ ਤੱਕ ਮਦਦ ਪਹੁੰਚਾਉਣ ਦਾ ਸਿਲਸਿਲਾ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਵਿਚ 6 ਸਥਾਨਾਂ 'ਤੇ ਕਮਿਊਨਿਟੀ ਰਸੋਈਆਂ ਚਲਾਈਆਂ ਜਾ ਰਹੀਆਂ ਹਨ, ਜਿੱਥੋਂ ਜ਼ਰੂਰਤਮੰਦ ਲੋਕਾਂ ਤੱਕ ਖਾਣਾ ਅਤੇ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਦਾਨੀ ਸੱਜਣਾਂ ਨੂੰ ਇਨ੍ਹਾਂ ਕਮਿਊਨਿਟੀ ਰਸੋਈਆਂ ਵਿਚ ਦਾਨ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਜ਼ਰੂਰਤਮੰਦ ਲੋਕਾਂ ਤੱਕ ਮਦਦ ਪਹੁੰਚਾਉਣ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 8 ਹਜ਼ਾਰ ਸੁੱਕੇ ਰਾਸ਼ਨ ਦੀਆਂ ਕਿੱਟਾਂ ਤਿਆਰ ਕਰਵਾਈਆਂ ਗਈਆਂ ਹਨ ਅਤੇ ਵੱਖ-ਵੱਖ ਸੰਗਠਨਾਂ ਨੂੰ ਇੱਕ ਮੰਚ 'ਤੇ ਇਕੱਠਾ ਕੀਤਾ ਗਿਆ ਹੈ ਤਾਂ ਜੋ ਪ੍ਰਭਾਵਸ਼ਾਲੀ ਤਰੀਕੇ ਨਾਲ ਲੋਕਾਂ ਦੀ ਮਦਦ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਜ਼ਿਲ੍ਹਾ ਪੱਧਰ ਦਾ ਰਿਲੀਫ ਫ਼ੰਡ ਵੀ ਸਥਾਪਿਤ ਕੀਤਾ ਗਿਆ ਹੈ, ਜਿਸ ਵਿਚ ਲੋਕ ਆਪਣੀ ਮਦਦ ਦਾਨ ਦੇ ਰੂਪ ਵਿਚ ਰਿਲੀਫ ਫ਼ੰਡ ਵਿਚ ਜਮ੍ਹਾ ਕਰਵਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਸੰਕਟ ਦੇ ਇਸ ਸਮੇਂ ਵਿਚ ਸਾਰੇ ਲੋਕ ਮਿਲ ਕੇ ਅੱਗੇ ਆਉਣ ਅਤੇ ਜ਼ਰੂਰਤਮੰਦ ਲੋਕਾਂ ਤੱਕ ਮਦਦ ਪਹੁੰਚਾਉਣ, ਤਾਂ ਹੀ ਇਸ ਲੜਾਈ ਵਿਚ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਸੋਸ਼ਲ ਡਿਸਟੈਂਸ ਦੇ ਨਿਯਮਾਂ ਦਾ ਪਾਲਨ ਕਰਨ ਅਤੇ ਕਰਫ਼ਿਊ ਦੌਰਾਨ ਆਪਣੇ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਹੈ।