ਸਮੁਚੇ ਵਿਸ਼ਵ 'ਚ 'ਕੋਰੋਨਾਵਾਇਰਸ' ਮਹਾਂਮਾਰੀ ਦਾ ਪ੍ਰਕੋਪ ਜਾਰੀ

-ਜ਼ਿਲ੍ਹਾ ਲੋਕ ਸੰਪਰਕ  ਅਧਿਕਾਰੀ (ਰਿਟ.) ਦਰਸ਼ਨ ਸਿੰਘ  ਸ਼ੰਕਰ ਦੀ ਕਲਮ 'ਤੋਂ-

ਸਮੁਚੇ ਵਿਸ਼ਵ 'ਚ 'ਕੋਰੋਨਾਵਾਇਰਸ' ਮਹਾਂਮਾਰੀ ਦਾ ਪ੍ਰਕੋਪ ਜਾਰੀ
ਲੇਖਕ ਦਰਸ਼ਨ ਸਿੰਘ  ਸ਼ੰਕਰ। 

ਚੀਨ ਦੇ ਵੁਹਾਨ ਸ਼ਹਿਰ ਤੋਂ ਦਸੰਬਰ 2019 ਤੋਂ  ਸ਼ੁਰੂ ਹੋਈ ਖਤਰਨਾਕ  'ਕਰੋਨਾ ਵਾਇਰਸ' (ਕੋਵਿਡ 19) ਦੀ ਮਹਾਂਮਾਰੀ ਨੇ ਪੂਰੀ ਦੁਨੀਆਂ ਵਿਚ ਕੋਹਰਾਮ ਮਚਾਅ ਰੱਖਿਅੈ। ਦੁਨੀਆਂ  ਦੇ ਵੱਡੇ ਹਿੱਸੇ ਵਿਚ ਲੌਕਡਾਊਨ ਕਾਰਨ  ਲੋਕ  ਆਪਣੇ ਘਰਾਂ  ਅੰਦਰ ਸਹਿਮੇ ਬੈਠੇ ਨੇ। ਮਹਾਂਮਾਰੀ ਦੇ ਪੀੜਤਾਂ  ਦਾ ਅੰਕੜਾ ਤੇਜ਼ੀ ਨਾਲ ਵੱਧਦਾ 7 ਲੱਖ ਵਲ  ਵੱਧ ਰਿਹੈ।  ਹੁਣ ਤਕ ਕਰੀਬ 31000  ਤੋਂ  ਵੱਧ ਲੋਕਾਂ  ਦੀ ਜਾਨ ਜਾ ਚੁੱਕੀ ਹੈ । ਕਰੀਬ 1.50 ਲੱਖ ਮਰੀਜ ਠੀਕ ਵੀ ਹੋਏ ਨੇ। ਸ਼ੁਰੂ ਵਿਚ ਚੀਨ ਦੇ ਹੁਬੱਈ ਸੂਬੇ ਦੇ ਵੁਹਾਨ ਸ਼ਹਿਰ ਵਿਚ ਕੋਰੋਨਾ ਵਾਇਰਸ ਨੇ ਆਪਣਾ ਭਿਆਨਕ  ਰੂਪ ਦਿਖਾਇਆ । ਕੁੱਝ ਹੀ ਸਮੇ 'ਚ ਚੀਨ ਅੰਦਰ ਮਰੀਜਾਂ ਦੀ ਗਿਣਤੀ 81000 ਪਾਰ ਕਰ ਗਈ ਅਤੇ ਹੁਣ ਤਕ 3300 ਲੋਕਾਂ  ਦੀ ਮੌਤ  ਹੋਈ । ਵੁਹਾਨ  ਤੋਂ  ਚੀਨੀ ਅਤੇ ਦੂਜੇ ਦੇਸ਼ਾਂ ਦੇ ਨਾਗਰਿਕ ਬਾਹਰ ਨਿਕਲੇ ਅਤੇ ਇਹ ਵਾਇਰਸ ਸਾਰੀ ਦੁਨੀਆਂ 'ਚ   ਫੈਲਦਾ ਚਲਾ ਗਿਆ। ਭਾਰਤ ਸਮੇਤ ਬਹੁਤੇ ਦੇਸ਼ਾਂ ਨੇ ਖੁੱਦ ਆਪਣੇ ਨਾਗਰਿਕਾਂ ਨੂੰ  ਵਿਸ਼ੇਸ਼ ਜਹਾਜ ਭੇਜ ਕੇ ਕੱਢਿਆ। ਚੀਨ ਤੋਂ  ਦੱਖਣੀ ਕੋਰੀਆ, ਇਰਾਨ  ਉਪਰੰਤ ਇਸ ਨੇ ਯੂਰਪੀਨ ਦੇਸ਼ਾਂ ਇਟਲੀ, ਸਪੇਨ, ਫਰਾਂਸ, ਇੰਗਲੈਂਡ  ਅਤੇ ਅਮਰੀਕਾ ਵਰਗੇ ਵਿਕਸਤ ਦੇਸ਼ਾਂ ਨੂੰ  ਨਿਸ਼ਾਨਾ ਬਣਾਉਂਦੇ 199  ਦੇਸ਼ਾਂ ਨੂੰ  ਮਾਰ ਹੇਠ ਲੈ ਲਿਆ। ਹੁਣ ਦਰਜਨਾਂ ਦੇਸ਼ਾਂ ਵਿਚ ਸਟੇਜ-3 ਦੀ ਸਥਿਤੀ ਕਾਰਨ ਮਰੀਜਾਂ ਦਾ ਅੰਕੜਾ  ਤੇਜ਼ੀ ਨਾਲ ਵੱਧ ਰਿਹੈ। ਜੇਕਰ ਇਸ ਤੇ ਜਲਦੀ ਕਾਬੂ ਨਹੀਂ  ਪੈਂਦਾ ਤਾਂ ਬਹੁਤੇ ਦੇਸ਼ ਆਰਥਿਕ ਤਬਾਹੀ ਕਾਰਨ ਬਹੁਤ  ਪਿੱਛੇ  ਜਾ ਸਕਦੇ ਨੇ।

ਵਿਕਸਤ ਦੇਸ਼ਾਂ  'ਚ  ਸਥਿਤੀ ਗੰਭੀਰ:  
ਸ਼ੁਰੂ ਵਿਚ ਬਹੁਤੇ  ਦੇਸ਼ਾਂ ਨੇ ਇਸ ਮਹਾਮਾਰੀ ਨੂੰ ਸਿਰਫ ਚੀਨ ਤੱਕ ਹੀ ਸਮਝਣ ਦੀ ਗਲਤੀ ਕੀਤੀ ਅਤੇ ਇਸ ਨਾਲ ਨਜਿਠਣ ਦੀ ਸਮਾਂ  ਰਹਿੰਦੇ ਗੰਭੀਰਤਾ  ਨਹੀਂ  ਦਿਖਾਈ । ਮਹਾਮਾਰੀ ਦੀ ਗੰਭੀਰਤਾ  ਨੂੰ  ਘੱਟ ਕਰਕੇ ਦੇਖਣਾ ਹੀ ਬਹੁਤੇ  ਦੇ ਦੇਸ਼ਾਂ ਤੇ  ਭਾਰੀ ਪਿਆ। ਚੀਨ ਪਿੱਛੋਂ  ਮਹਾਮਾਰੀ  ਨੇ ਤੇਜੀ ਨਾਲ ਇਟਲੀ ਨੂੰ  ਨਿਸ਼ਾਨਾ ਬਣਾਇਆ  ਅਤੇ  ਦੇਖਦੇ  ਦੇਖਦੇ ਮੌਤਾਂ ਦੀ ਗਿਣਤੀ ਚੀਨਅ ਦੇ ਅੰਕੜੇ  ਤੋਂ  ਕਿਤੇ ਅੱਗੇ ਨਿਕਲ ਕੇ 10000 ਤੋਂ  ਵੱਧ ਹੋ ਚੁੱਕੀ ਹੈ ਅਤੇ  ਮਰੀਜਾਂ  ਦੀ ਗਿਣਤੀ 92 ਹਜ਼ਾਰ  ਦੇ ਕਰੀਬ  ਹੈ।  ਸਪੇਨ ਨੂੰ  ਵੀ ਇਸ ਨੇ ਬੁਰੀ ਤਰ੍ਹਾਂ  ਘੇਰਿਅਾ ਅਤੇ  ਕੁੱਝ ਦਿਨਾਂ  ਵਿਚ ਪੀੜਤਾਂ ਦਾ ਅੰਕੜਾ  66 ਹਜ਼ਾਰ ਤੇ ਪੁੱਜ  ਗਿਆ ਅਤੇ  6 ਹਜਾਰ ਤੋ ਵੱਧ ਮੌਤਾਂ ਹੋ ਚੁਕੀਆਂ  ਨੇ । ਹੁਣ ਸਭ ਤੋਂ  ਸ਼ਕਤੀਸ਼ਾਲੀ ਮੁਲਕ ਅਮਰੀਕਾ ਮਹਾਂਮਾਰੀ ਦਾ ਪ੍ਰਕੋਪ ਝੱਲ ਰਿਹੈ। ਉਥੇ ਮਰੀਜਾਂ  ਦਾ ਅੰਕੜਾ ਸਵਾ ਲੱਖ ਦੇ ਕਰੀਬ ਪੁੱਜ  ਚੁੱਕੈ ਅਤੇ ਮੌਤਾਂ  ਦੀ ਗਿਣਤੀ 2300 ਤੋਂ ਵੱਧ ਹੈ। ਮਜਬੂਰ ਅਮਰੀਕਾ ਵੱਡੇ ਸ਼ਹਿਰਾਂ ਵਿਚ ਲੌਕਡਾਉਨ ਲਗਾ ਰਿਹੈ। ਇੰਗਲੈਂਡ ਦੇ  ਪ੍ਰਧਾਨ ਮੰਤਰੀ ਬੋਰਿਸ ਜੌਹਨਸਨ , ਸਿਹਤ ਮੰਤਰੀ ਮੱਟ ਹੰਕੌਕ ਅਤੇ  ਪਿ੍ੰਸ ਚਾਰਲਸ, ਕਨੇਡਾ  ਪ੍ਰਧਾਨ ਮੰਤਰੀ ਦੀ ਪਤਨੀ, ਇਰਾਨ ਦੀ ਉੱਪ ਰਾਸ਼ਟਪਤੀ, ਸਮੇਤ ਬਹੁਤ ਸਾਰੇ ਪ੍ਰਭਾਵੀ ਵਿਅੱਕਤੀ ਵੀ ਪੀੜਤ ਹੋ ਕੇ ਇਕਾਂਤਵਾਸ ਜਾ ਚੁੱਕੇ  ਨੇ ਅਤੇ  ਸਪੇਨ ਦੀ ਪਿ੍ੰਸੈਸ ਮਾਰੀਆ ਟਰੇਸਾ ਦੀ ਮੌਤ ਹੋਈ  ਹੈ।

ਭਾਰਤ 'ਚ 21 ਦਿਨਾਂ ਲੌਕਡਾਉਨ : 
ਮਹਾਮਾਰੀ ਸ਼ੁਰੂ ਹੋਣ ਤੇ ਭਾਰਤ ਨੇ ਵੁਹਾਨ, ਇਰਾਨ, ਇਟਲੀ  ਆਦਿ ਪ੍ਰਭਾਵਿਤ  ਮੁਲਕਾਂ 'ਚੋ ਭਾਰਤੀ ਨਾਗਰਿਕਾਂ  ਨੂੰ  ਵਿਸ਼ੇਸ਼ ਜਹਾਜਾਂ ਰਾਹੀਂ ਲਿਆਂਦਾ। ਭਾਰੀ ਗਿਣਤੀ ਵਿਚ ਦੂਜੇ ਦੇਸ਼ਾਂ ਤੋਂ ਵੀ ਭਾਰਤੀ ਵਾਪਿਸ ਆਏ। ਹਵਾਈ  ਉਡਾਣਾਂ ਤੇ ਰੋਕ ਲਗਾਉਣ 'ਚ ਕੀਤੀ ਦੇਰੀ ਭਾਰਤ ਨੂੰ ਮਹਿੰਗੀ ਪੈਂਦੀ  ਨਜ਼ਰ  ਆ ਰਹੀ ਹੈ। ਦੇਸ਼ ਵਿਚ ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ  ਵੱਧ ਕੇ ਹਜ਼ਾਰ ਦੇ ਕਰੀਬ  ਹੋ ਚੁੱਕੀ ਹੈ। 84 ਮਰੀਜ ਠੀਕ ਵੀ ਹੋਏ ਨੇ ਅਤੇ  21 ਮੌਤਾਂ ਹੋ ਚੁੱਕੀਆਂ ਨੇ।  ਪ੍ਰਧਾਨ  ਮੰਤਰੀ  ਨੇਰੇਂਦਰ ਮੋਦੀ ਨੇ ਮਹਾਂਮਾਰੀ ਦੀ ਭਿਆਨਕਤਾ ਭਾਂਪਦੇ 24 ਮਾਰਚ ਤੋਂ 21 ਦਿਨਾਂ ਲਈ ਦੇਸ਼-ਵਿਆਪੀ ਲੌਕਡਾਉਨ (ਕਰਫਿਊ ) ਲਗਾ ਕੇ ਸਭ ਨੂੰ  ਘਰਾਂ  ਦੇ ਅੰਦਰ ਰਹਿਣ ਲਈ ਕਹਿ ਦਿਤੈ। ਸਿਰਫ ਸਹੀ ਸੈਨੇਟਾਈਜ਼ੇਸ਼ਨ ਅਤੇ  ਸਮਾਜਿਕ ਦੂਰੀ ਨਾਲ ਹੀ  ਕੋਰੋਨਾਵਾਇਰਸ ਦੀ ਚੇਨ ਤੋੜੀ ਕੇ ਜਾ ਸਕਦੀ ਹੈ। ਇਸ ਲਈ  ਸਾਰੇ ਅਦਾਰੇ, ਕਾਰੋਬਾਰ, ਰੇਲਾਂ, ਹਵਾਈ  ਉਡਾਣਾਂ ਬੰਦ ਨੇ ਅਤੇ  ਲੋਕ ਮਹਾਂਮਾਰੀ ਨੂੰ  ਹਰਾਉਣ ਲਈ  ਕਮਰਕੱਸੇ ਕਰ ਚੁੱਕੇ ਨੇ। ਵੱਡੇ ਸੰਕਟ ਨਾਲ ਨਜਿੱਠਣ ਲਈ  ਸਾਰੀਆਂ  ਰਾਜਸੀ ਧਿਰਾਂ ਸਰਕਾਰ ਦੀ ਪਿੱਠ ਤੇ ਹਨ। ਕਰਫਿਊ ਵਰਗੀ ਸਥਿਤੀ ਨਾਲ ਕਰੋੜਾਂ ਗਰੀਬ ਪਰਵਾਰਾਂ ਦੀ ਰੋਜ਼ੀ ਰੋਟੀ ਦਾ ਸਵਾਲ ਖੜ੍ਹਾ ਹੋ ਚੁੱਕੈ। ਕੇੰਦਰ ਅਤੇ  ਰਾਜ ਸਰਕਾਰਾਂ ਨੇ ਗਰੀਬ ਪ੍ਰਵਾਰਾਂ ਲਈ  ਕਈ ਤਰ੍ਹਾਂ  ਦੀ ਰਾਹਤ ਸ਼ੁਰੂ ਕੀਤੀ ਹੈ। ਧਾਰਮਿਕ, ਸਮਾਜਿਕ ਅਤੇ  ਸਵੈ ਸੇਵੀ ਸੰਸਥਾਵਾਂ ਗਰੀਬਾਂ ਦੀ ਮੱਦਦ  ਲਈ  ਅੱਗੇ ਆਈਆਂ ਨੇ , ਗੱਲ ਕੀ ਪੂਰਾ ਦੇਸ਼ ਚੁਣੌਤੀ ਨਾਲ ਨਜਿਠਣ  ਲਈ ਮਜਬੂਤੀ ਨਾਲ ਜੁਟ ਚੁਕੈ। ਦਿੱਲੀ ਦੇ ਮੁੱਖ ਮੰਤਰੀ  ਅਰਵਿੰਦ ਕੇਜਰੀਵਾਲ ਨੇ ਲੱਖਾਂ ਬਰੀਬ ਲੋਕਾਂ  ਦੀ ਰਿਹਾਇਸ਼ ਅਤੇ ਖਾਣੇ ਦਾ ਪ੍ਰਬੰਧ ਕੀਤੈ ਅਤੇ ਨਾਲ ਹੀ ਗਰੀਬ ਪਰਵਾਰਾਂ ਲਈ ਮਾਲੀ ਸਹਾਇਤਾ ਦੇਣ ਦੀ ਸ਼ੁਰੂਆਤ ਕੀਤੀ  ਹੈ। ਦਿੱਲੀ, ਮੁੰਬਈ  ਸਮੇਤ ਵੱਡੇ  ਸ਼ਹਿਰਾਂ ਤੋਂ ਪ੍ਰਵਾਸੀ ਮਜ਼ਦੂਰਾਂ ਨੇ  ਘਬਰਾਹਟ ਵਿਚ ਆਪਣੇ ਸੂਬਿਆਂ ਵਲ ਬੱਚਿਆਂ ਸਮੇਤ  ਪੈਦਲ ਵਹੀਰਾਂ ਘੱਤ ਦਿਤੀਅਾਂ ਨੇ, ਇਸ ਨਾਲ  ਮਹਾਂਮਾਰੀ ਹੋਰ ਫੈਲਣ ਦਾ ਖਤਰਾ ਵੱਧ ਰਿਹੈ। ਮਹਾਰਾਸ਼ਟਰ 'ਚ 193,  ਕੇਰਲ 187, ਤੇਲੰਗਾਨਾ 67,  ਯੂਪੀ 'ਚ 61, ਕਰਨਾਟਕ 58, ਗੁਜਰਾਤ ਵਿਚ  45 ਅਤੇ ਪੰਜਾਬ 'ਚ 38 ਮਰੀਜ਼ ਜ਼ੇਰੇ ਇਲਾਜ਼ ਹਨ।

ਭਾਰਤ ਦੀ ਨਵੀਂ  ਸਸਤੀ ਟੈਸਟਿੰਗ ਕਿੱਟ:
ਪੂਨੇ ਦੀ 'ਮਾਈਲੈਬ'  ਕੰਪਨੀ ਵਲੋਂ  ਮਿਨਾਲ ਭੋਸਲੇ ਦੀ ਅਗਵਾੲੀ  ਵਾਲੀ ਵਿਗਿਆਨਅਾਂ ਦੀ ਟੀਮ ਨੇ ਇਕ ਮਹੀਨੇ 'ਚ ਸਸਤੀ  ਟੈਸਟਿੰਗ ਕਿੱਟ  ਈਜ਼ਾਦ ਕਰਕੇ ਇਸ ਦੀ ਸਪਲਾਈ  ਸ਼ੁਰੂ ਕਰ ਦਿੱਤੀ ਹੈ। ਮਿਨਾਲ ਭੌਂਸਲੇ ਨੇ ਬੱਚੀ ਨੂੰ  ਜਨਮ ਦੇਣ ਤੋਂ  ਇਕ ਦਿਨ ਪਹਿਲਾਂ ਮੁਸ਼ਕਲ ਸਮੇਂ  'ਚ 18 ਮਾਰਚ ਨੂੰ ਕਿੱਟ ਤਿਆਰ ਕਰਕੇ ਅੰਤਿਮ ਪ੍ਰਵਾਨਗੀ ਲਈ ਪੇਸ਼ ਕੀਤੀ । ਕਿੱਟ ਦੀ ਕੀਮਤ ਸਿਰਫ 1200 ਰੁਪਏ ਹੈ, ਜਦ ਕਿ ਮੌਜੂਦਾ ਵਿਦੇਸ਼ੀ ਕਿੱਟ ਦੀ ਕੀਮਤ 4500 ਰੁਪਏ  ਸੀ। ਇਕ ਕਿੱਟ ਨਾਲ 100 ਟੈਸਟ ਹੋ ਸਕਦੇ ਨੇ।  ਕੰਪਨੀ ਇਕ ਲੱਖ ਕਿੱਟ ਪ੍ਰਤੀ ਹਫਤਾ ਸਪਲਾਈ  ਕਰੇਗੀ, ਲੋੜ  ਪੈਣ ਤੇ 2 ਲੱਖ ਵੀ ਤਿਆਰ ਹੋ ਸਕਣਗੀਆਂ।  ਭਾਰਤੀ ਕਿੱਟ ਢਾਈ ਘੰਟੇ  'ਚ ਰਿਪੋਰਟ  ਦੇਵੇਗੀ, ਜਦਕਿ ਵਿਦੇਸ਼ੀ ਕਿੱਟ ਨਾਲ 6-7 ਘੰਟੇ ਲੱਗਦੇ ਨੇ। ਇਸ ਤਰ੍ਹਾਂ  ਟੈਸਟਿੰਗ ਤੇਜ਼ੀ  ਨਾਲ ਹੋ ਸਕੇਗੀ। ਹੁਣ ਤਕ ਭਾਰਤ ਵਿਚ  ਸਿਰਫ 6.8 % ਟੈਸਟ ਹੀ ਹੋਏ ਨੇ ਅਤੇ  ਘੱਟ ਟੈਸਟਿੰਗ ਲਈ ਭਾਰਤ ਤੇ ਸੁਅਾਲ ਵੀ ਉੱਠਦੇ ਨੇ।

ਚੀਨ ਰੋਕਣ 'ਚ ਹੋਇਆ  ਸਫਲ:
ਚੀਨ ਨੇ ਯੁੱਧ ਸਤੱਰ ਤੇ ਇਸ ਨਾਲ ਨਜਿੱਠਣ ਲਈ  ਅਤਿ  ਸਖਤੀ ਵਰਤੀ। ਮਹਾਮਾਰੀ ਦੇ ਕੇਂਦਰ ਵੁਹਾਨ ਸ਼ਹਿਰ ਨੂੰ  ਪੂਰੀ ਤਰ੍ਹਾਂ  ਸੀਲ ਕਰਕੇ  ਬਾਕੀ ਦੇਸ਼ ਅੰਦਰ ਲੋਕਾਂ  ਨੂੰ  ਘਰਾਂ  ਵਿਚ ਬੰਦ ਰੱਖਕੇ ਸਮਾਜਿਕ ਦੂਰੀ ਯਕੀਨੀ ਬਣਾਈ। ਵੁਹਾਨ ਵਿਚ10 ਦਿਨਾਂ ਵਿਚ  10000 ਬਿਸਤਰਿਆਂ ਦਾ ਅਧੁਨਿਕ ਹਸਪਤਾਲ ਖੜ੍ਹਾ  ਕੀਤਾ ਗਿਆ।  ਚੀਨ ਨੇ ਕੁੱਲ 81494 ਮਰੀਜਾਂ ਵਿਚੋਂ 74971 ਮਰੀਜਾਂ ਨੂੰ ਤੰਦਰੁਸਤ ਕਰ ਲਿਆ ਅਤੇ ਮਰੀਜਾਂ  ਦੀ ਗਿਣਤੀ 3300 ਤੇ ਰੁੱਕ ਗਈ।  ਚੀਨ  ਵਿਚ ਇੱਕਾ ਦੁੱਕਾ ਨਵਾਂ  ਕੇਸ ਹੀ ਆ ਰਿਹੈ।  ਦੱਖਣੀ ਕੋਰੀਆ ਵੀ ਵੱਡੀ ਪੱਧਰ ਤੇ ਟੈਸਟਿੰਗ ਕਰਕੇ ਮਹਾਮਾਰੀ ਨੂੰ ਰੋਕਣ 'ਚ ਸਫਲ ਰਿਹਾ। 

ਸ਼ੱਕ ਦੀ  ਸੂਈ ਚੀਨ ਵਲ: 
ਅਮਰੀਕਾ ਵਲੋਂ ਇਸ ਮਹਾਂਮਾਰੀ ਲਈ ਸਿੱਧੇ ਤੌਰ ਤੇ ਜਿੰਮੇਵਾਰ ਠਹਿਰਾਇਆ ਜਾ ਰਿਹੈ। ਚੀਨ ਵਲੋਂ  ਕਰੋਨਾਵਾਇਰਸ  ਦੀ ਭਿਆਨਕਤਾ ਤੋਂ ਨਾਂ ਹੀ ਦੂਜੇ ਦੇਸ਼ਾਂ ਨੂੰ ਸਾਵਧਾਨ ਕੀਤਾ  ਅਤੇ  ਨਾਂ ਹੀ ਵਿਸ਼ਵ ਸਿਹਤ ਸੰਸਥਾ ਨੂੰ  ਸਹਾਇਤਾ  ਲਈ  ਸ਼ਾਮਿਲ ਕੀਤਾ। ਚੀਨ ਉਪਰ ਵੁਹਾਨ ਤੋਂ  ਦੂਜੇ ਦੇਸ਼ਾਂ ਲਈ  ਉੜਾਨਾਂ ਨਾਂ ਬੰਦ ਕਰਨ ਤੇ ਵੀ ਸਵਾਲ ਖੜ੍ਹੇ  ਹੋ ਰਹੇ ਨੇ । ਫਿਲਹਾਲ  ਅਮਰੀਕਾ ਅਤੇ  ਦੂਜੇ ਦੇਸ਼ ਇਸ ਮਹਾਂਮਾਰੀ ਦੇ ਪ੍ਰਕੋਪ ਤੋਂ ਨਾਗਰਿਕਾਂ  ਨੂੰ  ਬਚਾਉਣ ਲਈ  ਸੰਘਰਸ਼  ਕਰ ਰਹੇ ਨੇ, ਪਰ ਸਥਿਤੀ  ਕਾਬੂ ਵਿਚ ਆਉਣ ਪਿੱਛੋਂ  ਆਰੋਪ ਪ੍ਰਤੀ  ਆਰੋਪ ਦਾ ਸਿਲਸਿਲਾ ਵਧੇਗਾ ਅਤੇ  ਚੀਨ ਨੂੰ  ਅਲੱਗ ਥਲੱਗ ਕਰਨ ਦੇ ਯਤਨ ਵੀ ਹੋ ਸਕਦੇ ਨੇ।

ਪੰਜਾਬ 'ਚ ਸਥਿਤੀ:
ਬਾਹਰਲੇ ਦੇਸ਼ਾਂ ਵਿਚੋਂ  94 ਹਜ਼ਾਰ  ਤੋਂ  ਵੱਧ  ਪ੍ਰਵਾਸੀ ਫਰਵਰੀ-ਮਾਰਚ  ਵਿਚ ਪੰਜਾਬ ਆਏ। ਇਨਾਂ  ਵਿਚੋਂ  ਬਹੁਤੇ ਪ੍ਰਭਾਵਿਤ  ਮੁਲਕਾਂ ਵਿਚੋਂ  ਹੁੰਦੇ। ਹਵਾਈ  ਅੱਡਿਆਂ ਤੇ ਸਕਰਨਿੰਗ ਦੇ ਨਾਮ ਤੇ ਸਿਰਫ ਤਾਪਮਾਨ ਚੈਕ ਕਰਕੇ ਲੰਘਣ ਦੇ ਦਿੱਤਾ ਗਿਆ ਅਤੇ ਕੁੱਝ ਨੂੰ  ਘਰਾਂ  ਵਿਚ ਆ ਕੇ  ਕੋਰੋਨਾਵਾਇਰਸ ਦੇ ਲੱਛਣ ਦਿਸੇ। ਪਹਿਲਾਂ  ਇਹ  ਆਪਣੇ ਰਿਸ਼ਤੇਦਾਰਾਂ ਅਤੇ  ਮਿੱਤਰਾਂ ਵਿਚ ਵਿਚਰਦੇ ਰਹੇ ਅਤੇ ਜਦੋਂ  ਇਕਾਂਤਵਾਸ ਕਰਨਾ ਸ਼ੁਰੂ ਹੋਇਆ, ਤਦ ਤਕ ਕਾਫੀ ਦੇਰ ਹੋ ਚੁੱਕੀ ਸੀ। ਪ੍ਰਵਾਸੀ  ਸਰਕਾਰੀ ਹਸਪਤਾਲਾਂ ਦੀ ਖਸਤਾ  ਹਾਲਤ ਕਾਰਨ  ਦਾਖਲ  ਹੋਣ ਬੱਚਦੇ ਰਹੇ ਅਤੇ ਕੋਰੋਨਾ  ਮਰੀਜ਼ ਵਧਦੇ ਗਏ। ਨਵਾਂ  ਸ਼ਹਿਰ ਜਿਲੇ ਦੇ ਪਠਲਾਵਾ ਪਿੰਡ  ਦਾ ਇਟਲੀ ਤੋਂ  ਸਾਥੀਆਂ  ਸਮੇਤ ਪਰਤਿਆ ਬਲਦੇਵ ਸਿੰਘ  ਮਰਨ ਤੋਂ  ਪਹਿਲਾਂ  ਬਹੁਤ  ਸਾਰੇ ਰਿਸ਼ਤੇਦਾਰਾਂ ਨੂੰ  ਪੀੜਤ  ਕਰ ਗਿਆ। ਉਸ ਦੇ ਸੰਪਰਕ ਵਿਚ ਆਏ 28 ਵਿਅੱਕਤੀ ਪਾਜ਼ੇਟਿਵ ਪਾਏ ਗਏ ਅਤੇ 7 ਪਿੰਡਾਂ  ਦੇ 25000  ਸ਼ੱਕ ਦੇ ਘੇਰੇ 'ਚ ਨੇ । ਹੁਣ ਤਕ ਪੰਜਾਬ ਅੰਦਰ ਪੀੜਤਾਂ ਦੀ ਗਿਣਤੀ 38 ਹੋ ਚੁੱਕੀ ਹੈ ਅਤੇ ਇਕ ਮੌਤ ਹੋਈ ਹੈ। ਸਰਕਾਰ ਕਰਫਿਉੂ ਲਗਾ ਕੇ ਵਇਰਸ ਰੋਕਣ ਦਾ ਯਤਨ ਕਰ ਰਹੀ ਹੈ । ਗਰੀਬ ਲੋਕਾਂ  ਨੂੰ  ਰਾਸ਼ਣ ਅਤੇ  ਮਾਲੀ ਸਹਾਇਤਾ ਦਿਤੀ ਜਾ ਰਹੀ ਹੈ।  ਕਈ ਧਾਰਮਿਕ, ਸਮਾਜਿਕ, ਵਿਦਿਅਕ ਸੰਸਥਾਵਾਂ ਗਰੀਬਾਂ  ਤਕ ਖਾਣਾ ਅਤੇ ਜਰੂਰੀ ਸਾਮਾਨ ਪਹੁੰਚਾਉਣ ਲਈ   ਲੱਗੀਆਂ ਨੇ। ਪੰਜਾਬ ਦਾ ਪਹਿਲਾ ਡੁਬੱਈ ਤੋਂ  ਪਰਤਿਆ ਪੀੜਤ ਠੀਕ ਹੋ ਚੁਕੈ।

ਇਸ ਭਿਆਨਕ ਮਹਾਂਮਾਰੀ ਦੇ ਇਲਾਜ਼ ਲਈ   ਅਜੇ ਤਕ ਕੋਈ  ਦਵਾਈ  ਮੌਜੂਦ ਨਹੀਂ  ਹੈ। ਇਸ ਨੂੰ  ਅੱਗੇ ਫੈਲਣ ਤੋਂ  ਰੋਕਣ ਲਈ  ਸਮਾਜਿਕ ਦੂਰੀ ਅਤੇ ਸੈਨੀਟੇਸ਼ਨ  ਹੀ ਇਕੋ ਇਕ ਉਪਾਅ ਹੈ। ਸਾਨੂੰ  ਸਭ ਦੇਸ਼ ਵਾਸੀਆਂ  ਨੂੰ  ਆਪਣੇ ਪਰਵਾਰ, ਸਮਾਜ ਅਤੇ  ਦੇਸ਼ ਨੂੰ  ਭਿਅਨਕ ਤਬਾਹੀ ਤੋਂ  ਬਚਾਉਣ ਲਈ  21 ਦਿਨ ਤਾਂ  ਕੀ, ਹੋਰ ਵੱਧ ਸਮੇਂ  ਲਈ  ਘਰਾਂ  ਅੰਦਰ ਬੰਦ ਰਹਿਣ ਲਈ  ਤਿਆਰ ਰਹਿਣਾ ਹੋਏਗਾ।

ਬਹੁਤ  ਸਾਰੇ ਦੇਸ਼ ਕੋਰਨਾਵਾਇਰਸ ਤੋਂ ਬਚਾਅ ਅਤੇ  ਇਲਾਜ਼  ਦੀ  ਦਵਾਈ/ਵੈਕਸੀਨ ਤਿਆਰ ਕਰਨ ਲਈ  ਗੰਭਿਰਤਾ ਨਾਲ ਯਤਨਸ਼ੀਲ ਨੇ ਅਤੇ ਸਮੁੱਚਾ ਵਿਸ਼ਵ ਜਲਦੀ ਇਸ ਦੀ ਸਫਲਤਾ ਦੀ ਉਡੀਕ ਵਿਚ ਹੈ। 
ਲੇਖਕ,
ਦਰਸ਼ਨ ਸਿੰਘ  ਸ਼ੰਕਰ
ਜਿਲਾ ਲੋਕ ਸੰਪਰਕ  ਅਧਿਕਾਰੀ (ਰਿਟ.)