ਪਰਗਟ ਸਿੰਹਾਂ ਹੁਣ ਪਤਾ ਚੱਲੇਗਾ ਕੌਣ ਹੈ ਅਸਲੀ ਅਤੇ ਨਕਲੀ ਕਪਤਾਨ?
ਜਗਰੂਪ ਸਿੰਘ ਜਰਖੜ/ਖੇਡ ਲੇਖਕ
ਪਰਗਟ ਸਿੰਘ ਪੰਜਾਬੀਆਂ ਦੀ ਹਾਕੀ ਦੀ ਦੁਨੀਆਂ ਦਾ ਸਰਤਾਜ ਇਹ ਪੰਜਾਬ ਦਾ ਪਹਿਲਾ ਅਜਿਹਾ ਹਾਕੀ ਖਿਡਾਰੀ ਹੈ ਜਿਸ ਨੂੰ ਭਾਰਤੀ ਹਾਕੀ ਟੀਮ ਦੀ 2 ਓਲੰਪਿਕ ਖੇਡਾਂ 1992 ਬਾਰਸੀਲੋਨਾ ਅਤੇ 1996 ਐਟਲਾਂਟਾ ਓਲੰਪਿਕ ਖੇਡਾਂ ਵਿੱਚ ਕਪਤਾਨੀ ਕਰਨ ਦਾ ਮਾਣ ਮਿਲਿਆ ਅਤੇ ਦੋ ਵਾਰ ਹੀ ਜਲੰਧਰ ਤੋਂ ਐਮ ਐਲ ਏ ਬਣਨ ਦਾ ਮਾਣ ਹਾਸਲ ਹੋਇਆ ।
ਭਾਰਤੀ ਹਾਕੀ ਟੀਮ ਵੱਲੋਂ ਅੰਤਰਰਾਸ਼ਟਰੀ ਪੱਧਰ ਤੇ 313 ਮੈਚ ਖੇਡਣ ਵਾਲਾ ਅਤੇ 168 ਮੈਚਾਂ ਵਿੱਚ ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰਨ ਵਾਲਾ ਪਰਗਟ ਸਿੰਘ ਰਾਜਨੀਤੀ ਵਿੱਚ ਆਪਣੀ ਕਪਤਾਨੀ ਦਾ ਜੌਹਰ ਨਹੀਂ ਵਿਖਾ ਸਕਿਆ ਹਾਲਾਂਕਿ ਰਾਜਨੀਤੀ ਵਿੱਚ ਉਹ ਇਸ ਕਰਕੇ ਆਇਆ ਸੀ ਕਿ ਉਹ ਖੇਡਾਂ ਦੇ ਖੇਤਰ ਵਿਚ ਆਪਣੇ ਦਮ ਤੇ ਵੱਡਾ ਸੁਧਾਰ ਕਰੇਗਾ ਪਰ ਰਾਜਨੀਤੀ ਦੀਆ ਤਿਕੜਮ ਚਾਲਾਂ ਵਿੱਚ ਫਸ ਕੇ ਹੀ ਰਹਿ ਗਿਆ ਪਰਗਟ ਨੇ ਹਾਕੀ ਖੇਡਣ ਤੋਂ ਬਾਅਦ ਸਾਲ 2005 ਵਿੱਚ ਪੰਜਾਬ ਪੁਲਿਸ ਦਾ ਐੱਸਪੀ ਰੈਂਕ ਦਾ ਅਹੁਦਾ ਛੱਡ ਕੇ ਡਾਇਰੈਕਟਰ ਸਪੋਰਟਸ ਦੀ ਨੌਕਰੀ ਜੁਆਇਨ ਕੀਤੀ ਹੈ ਡਾਇਰੈਕਟਰ ਸਪੋਰਟਸ ਦੇ ਅਹੁਦੇ ਦੀ ਮਿਆਦ ਦੌਰਾਨ ਉਸ ਨੇ ਇਹ ਖੇਡਾਂ ਵਿੱਚ ਸੁਧਾਰ ਕਰਨ ਦਾ ਯਤਨ ਵੀ ਕੀਤਾ ਪੰਜਾਬ ਦੇ ਖੇਡ ਖੇਤਰ ਨੂੰ ਜਿਸਦੇ ਨਤੀਜੇ ਵੀ ਵਧੀਆ ਮਿਲੇ ਪਰ ਰਾਜਨੀਤਿਕ ਲੀਡਰਾਂ ਨੂੰ ਵਧੀਆ ਨਤੀਜਿਆਂ ਦਾ ਕੋਈ ਸਾਰੋਕਾਰ ਨਹੀਂ ਹੁੰਦਾ ਪਰ ਓੁਸਤੋੰ ਬਾਅਦ ਸਾਲ 2011ਦਸੰਬਰ ਵਿੱਚ ਸੁਖਬੀਰ ਸਿੰਘ ਬਾਦਲ ਦੀ ਹੀ ਪ੍ਰੇਰਨਾ ਨਾਲ ਓੁਹ ਰਾਜਨੀਤੀ ਵਿੱਚ ਆਇਆ ਅਤੇ 2017 ਵਿਧਾਨ ਸਭਾ ਚੌਣਾ ਵਿੱਚ ਅਕਾਲੀਆਂ ਵਲੋਂ ਜਲੰਧਰ ਤੋਂ ਵਿਧਾਇਕ ਬਣੇ ਉਨ੍ਹਾਂ ਨੂੰ ਇਹ ਪੂਰੀ ਆਸ ਸੀ ਕਿ ਅਕਾਲੀ ਸਰਕਾਰ ਉਨ੍ਹਾਂ ਨੂੰ ਖੇਡ ਮੰਤਰੀ ਦਾ ਅਹੁਦਾ ਜਰੂਰ ਦੇਵੇਗੀ ਪਰ ਰਾਜਨੀਤੀ ਵਿੱਚ ਮੰਤਰੀਆਂ ਵਾਲੇ ਅਹੁਦੇ ਬਿਨਾਂ ਚਾਪਲੂਸੀ ਕਦੇ ਵੀ ਨਹੀਂ ਮਿਲਦੇ ਹੁੰਦੇ ਕਿਉਂਕਿ ਚਾਪਲੂਸੀ ਖਿਡਾਰੀ ਦੇ ਜ਼ਿਹਨ ਵਿੱਚ ਘੱਟ ਹੀ ਹੁੰਦੀ ਹੈ । ਇਸੇ ਕਰਕੇ ਬਾਦਲਾਂ ਨੇ ਅਕਾਲੀ ਸਰਕਾਰ ਚ ਪਰਗਟ ਦੀ ਚੰਗੀ ਘਸਾਈ ਕੀਤੀ ਫਿਰ ਅਕਾਲੀ ਦਲ ਤੋਂ ਵੱਖ ਹੋ ਕੇ ਨਵਜੋਤ ਸਿੱਧੂ ਤੇ ਬੈੰਸ ਬ੍ਰਦਰਜ਼ ਨਾਲ ਰਲਕੇ "ਆਵਾਜ਼ ਏ ਪੰਜਾਬ " ਬਣਾਉਣ ਦਾ ਬਿਗਲ ਵਜਾਇਆ ਪਰ ਗੱਲ ਨਹੀਂ ਬਣੀ ।
ਸਾਲ 2016 ਵਿੱਚ ਮੈਂ ਵੀ ਆਮ ਆਦਮੀ ਪਾਰਟੀ ਜੁਆਇਨ ਕਰਕੇ ਰਾਜਨੀਤਕ ਪਾਰੀ ਖੇਡਣ ਦਾ ਮਨ ਬਣਾਇਆ ਸੀ ਮੈਂ ਪਰਗਟ ਸਿੰਘ ਨੂੰ ਆਮ ਆਦਮੀ ਪਾਰਟੀ ਵਿਚ ਲਿਆਉਣ ਲਈ ਕਾਫੀ ਲੰਬੀ ਚੌੜੀ ਵਿਚੋਲਗੀ ਕੀਤੀ ਪਰ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦੇ ਸਿਰ ਤੇ ਯਕੀਨਣ ਸਰਕਾਰ ਬਣਨ ਦੇ ਹੰਕਾਰ ਦੇ ਭੂਤ ਸਵਾਰ ਨੇ ਪਰਗਟ ਸਿੰਘ ਦੀ ਐਂਟਰੀ ਆਪ ਵਿਚ ਨਹੀਂ ਹੋਣ ਦਿੱਤੀ ਅਖੀਰ ਪਰਗਟ ਸਿੰਘ ਨੇ ਨਵੰਬਰ ਮਹੀਨੇ ਕਾਂਗਰਸ ਜੁਆਇੰਨ ਕਰ ਲਈ । 2017 ਚ ਪਰਗਟ ਸਿੰਘ ਵੱਡੀ ਲੀਡ ਨਾਲ ਜਲੰਧਰ ਕੈਂਟ ਤੋਂ ਦੂਸਰੀ ਵਾਰ ਵਿਧਾਇਕ ਬਣਿਆ ,ਪਰਗਟ ਸਿੰਘ ਪਹਿਲਾ ਅਜਿਹਾ ਹਾਕੀ ਖਿਡਾਰੀ ਹੈ ਜਿਸ ਨੇ ਦੂਸਰੀ ਵਾਰ ਵਿਧਾਇਕ ਬਣਨ ਦਾ ਮਾਣ ਹਾਸਲ ਹੋਇਆਂ । ਪਰਗਟ ਸਿੰਘ ਨੂੰ ਖ਼ੁਦ ਵੀ ਅਤੇ ਲੋਕਾਂ ਨੂੰ ਵੀ ਇਹ ਆਸ ਸੀ ਕਿ ਇਸ ਵਾਰ ਖੇਡ ਮੰਤਰੀ ਦਾ ਅਹੁਦਾ ਪਰਗਟ ਦੀ ਝੋਲੀ ਵਿਚ ਹੀ ਪਵੇਗਾ। ਕਾਗਰਸ ਸਰਕਾਰ ਵਿੱਚ ਪਰਗਟ , ਨਵਜੋਤ ਸਿੱਧੂ ਦੇ ਖੇਮੇ ਵਿੱਚ ਆ ਗਿਆ। ਨਵਜੋਤ ਸਿੱਧੂ ਤੇ ਕੈਪਟਨ ਸਾਹਿਬ ਵਿਚਕਾਰ ਸਰਕਾਰ ਦੇ ਸ਼ੁਰੂ ਹੋਣ ਤੋਂ ਹੀ ਦਰਾਣੀ ਜਠਾਣੀ ਵਾਲਾ ਕਾਟੋ ਕਲੇਸ਼ ਚੱਲ ਪਿਆ ਫਿਰ ਕਿਹੜੇ ਭੜੂਏ ਨੇ ਪਰਗਟ ਸਿੰਘ ਨੂੰ ਮੰਤਰੀ ਸੰਤਰੀ ਬਣਾਉਣਾ ਸੀ। ਜਿਸ ਨਾਲ ਖੇਡ ਖੇਤਰ ਨਾਲ ਵੱਡੀ ਬੇਇਨਸਾਫ਼ੀ ਹੋ ਗਈ, ਮੇਰੇ ਖਿਆਲ ਮੁਤਾਬਕ ਪਰਗਟ ਸਿੰਘ ਇਕ ਚੰਗਾ ਖਿਡਾਰੀ ਹੋਣ ਦੇ ਨਾਲ ਨਾਲ ਰਾਜਨੀਤਿਕ ਲੀਡਰ ਵੀ ਵਧੀਆ ਹੈ । ਉਹ ਹਮੇਸ਼ਾ ਮੌਕੇ ਦੀ ਤਲਾਸ਼ ਵਿੱਚ ਰਿਹਾ ਭਾਵੇਂ ਖੇਡ ਮੈਦਾਨ ਹੋਵੇ ਭਾਵੇਂ ਰਾਜਨੀਤੀ ਦਾ ਮੈਦਾਨ ਹੋਵੇ ਭਾਰਤੀ ਹਾਕੀ ਵਿਚ ਉਸ ਨੇ ਕੇ ਪੀ ਐਸ ਗਿੱਲ ਨਾਲ ਵੀ ਕਈ ਵਾਰ ਆਢਾ ਲਿਆ ਉਹ ਵੱਖਰੀ ਗੱਲ ਕਿ ਸਫਲਤਾ ਨਹੀਂ ਮਿਲੀ ਪਰ ਸਫ਼ਲਤਾ ਉਸ ਨੂੰ ਰਾਜਨੀਤੀ ਦੇ ਮੈਦਾਨ ਵਿੱਚ ਵੀ ਨਹੀਂ ਮਿਲੀ ਜੋ ਸਫਲਤਾ ਓੁਹ ਭਾਲਦਾ ਸੀ ।
ਅੱਜ ਲੁਧਿਆਣਾ ਤੋਂ ਵਾਪਸ ਆਉਂਦੇ ਸਮੇਂ ਮੈਂ ਇਕ ਟਰਾਲੀ ਪਿੱਛੇ ਲਿਖਿਆ ਪੜ੍ਹਿਆ ਕਿ "ਆਪਣੀ ਬਣਾ ਲੈ ਮਿੱਤਰਾ, ਨਿੱਤ ਨਿੱਤ ਨੀਂ ਮੰਗਵੀਂ ਮਿਲਣੀ " ਮੈਨੂੰ ਲੱਗਿਆ ਇਹ ਲਾਈਨਾਂ ਹੁਣ ਪਰਗਟ ਸਿੰਘ ਤੇ ਪੂਰੀਆਂ ਢੁੱਕਦੀਆਂ ਹਨ ਕਿਉਂਕਿ ਹੁਣ ਉਸ ਨੂੰ ਨਾਂ ਅਕਾਲੀਆਂ ਨੇ , ਨਾਂ ਕਾਂਗਰਸੀਆਂ ਨੇ, ਨਾਂ ਹੀ ਆਪ ਵਾਲਿਆਂ ਨੇ ਝੱਲਣਾ , ਹੁਣ ਰਾਜਨੀਤੀ ਆਪਣੇ ਦਮ ਤੇ ਕਰਨੀ ਪੈਣੀ,ਸੌੜੀ ਸਿਆਸਤ ਦੇ ਝੂਠ ਦੇ ਬੋਲਬਾਲੇ ਵਿੱਚ ਹੁਣ ਇਕ ਪਾਸੇ ਭਾਰਤੀ ਹਾਕੀ ਟੀਮ ਦਾ ਸਾਬਕਾ ਕਪਤਾਨ ਦੂਜੇ ਪਾਸੇ ਫ਼ੌਜ ਦਾ ਸਾਬਕਾ ਕਪਤਾਨ , ਹੁਣ ਪਤਾ ਲੱਗੇਗਾ ਕਿ ਰਾਜਨੀਤੀ ਵਿੱਚ ਕਿਹੜਾ ਸਫਲ ਕਪਤਾਨ ਬਣ ਕੇ ਨਿੱਤਰਦਾ ਹੈ , ਪਰਗਟ ਸਿਹਾਂ ਛੱਡੋ ਹੁਣ ਮੰਤਰੀ ਸੰਤਰੀ ਬਣਨ ਦੀ ਗੱਲ, ਕੈਪਟਨ ਅਮਰਿੰਦਰ ਸਿੰਘ ਨੇ ਤਾਂ ਬਦਲਾਖੋਰੀ ਵਾਲੀ ਬਾਲ ਤੁਹਾਡੇ ਵਾਲੇ ਪਾਲੇ ਵਿੱਚ ਸੁੱਟ ਦਿੱਤੀ ਹੈ, ਅੱਗੇ ਪਰਗਟ ਉਸ ਬਾਲ ਨੂੰ ਕਿਵੇਂ ਵਾਪਸ ਮੌੜਦਾ ਇਹ ਤਾਂ ਸਮਾਂ ਹੀ ਦੱਸੇਗਾ ? ਵਿਜੀਲੈਂਸ ਦੀਆਂ ਧਮਕੀਆਂ ਦੇਣਾ, ਝੂਠੇ ਪਰਚੇ ਕਰਾਉਣਾ ਤਾਂ ਹੁਣ ਤਾਕਤਵਰ ਰਾਜਨੀਤਕ ਲੋਕਾਂ ਦਾ ਕਰਮ ਬਣ ਗਿਆ ਹੈ ਪਰ ਸੱਚ ਅਤੇ ਆਪਣੇ ਸਿਧਾਂਤਾਂ ਤੇ ਅੜੇ ਰਹਿਣਾ ਵੀ ਚੰਗੇ ਲੋਕਾਂ ਦਾ ਧਰਮ ਬਣ ਗਿਆ ਹੈ ਜਿੱਤ ਹਮੇਸ਼ਾ ਸੱਚ ਦੀ ਹੁੰਦੀ ਹੈ ਇਤਿਹਾਸ ਦੇ ਪਾਤਰ ਵੀ ਹਮੇਸ਼ਾਂ ਸੱਚ ਨਾਲ ਖੜ੍ਹਨ ਵਾਲੇ ਬਣਦੇ ਹਨ , ਪਰਗਟ ਅਤੇ ਕੈਪਟਨ ਵਾਲੀ ਰਾਜਨੀਤਿਕ ਖਿੱਚੋਤਾਣ ਵਿੱਚ ਪਰਗਟ ਸਿੰਘ ਦਾ " ਇਹ ਕਸੂਰ ਹੈ ਕਿ ਉਹ ਬੇਕਸੂਰ ਹੈ " ਕੈਪਟਨ ਸਾਹਿਬ ਦਾ ਇਹ ਕਸੂਰ ਹੈ ਕਿ ਓੁਸ ਕੋਲ ਤਾਕਤ ਦਾ ਗਰੂਰ ਹੈ, ਪੰਜਾਬ ਦੇ ਲੋਕਾਂ ਕੋਲ ਵੋਟਾਂ ਦਾ ਸਰੂਰ ਹੈ ਹੁਣ ਲੋਕਾਂ ਦੀ ਵੋਟਾਂ ਦੀ ਤਾਕਤ ਨੇ ਫੈਸਲਾ ਇਹ ਕਰਨਾ ਕਿ ਦੋਹਾਂ ਚੋਂ ਰਾਜਨੀਤੀ ਦਾ ਅਸਲੀ ਕਪਤਾਨ ਕੌਣ ਹੈ " ਖੇਡਾਂ ਵਾਲਿਆਂ ਨੂੰ ਇਸ ਮਾੜੀ ਘੜੀ ਪਰਗਟ ਸਿੰਘ ਦਾ ਸਾਥ ਦੇਣਾ ਬਣਦਾ ਪਰ ਪੰਜਾਬ ਦੀ ਰਾਜਨੀਤੀ ਵਿਚ ਜੋ ਵੀ ਇਹ ਘਟਨਾਕ੍ਰਮ ਵਾਪਰ ਰਹੇ ਹਨ ਬਹੁਤ ਮੰਦਭਾਗੇ ਹਨ ਪ੍ਰਮਾਤਮਾ ਪੰਜਾਬ ਨੂੰ ਬਦਲਾਖੋਰੀ ਵਾਲੀ ਰਾਜਨੀਤੀ ਤੋਂ ਬਚਾਵੇ ,ਰੱਬ ਰਾਖਾ !