ਕਰੋਨਾ ਤੋਂ ਬਚਣ ਲਈ ਸਾਵਧਾਨੀਆਂ ਪ੍ਰਤੀ ਲੋਕ ਬਿਲਕੁਲ ਲਾਪ੍ਰਵਾਹੀ ਨਾ ਵਰਤਣ: ਡਾ ਅਰੁਣ ਮਿੱਤਰਾ
ਲੁਧਿਆਣਾ: ਇੰਡੀਅਨ ਡਾਕਟਰਜ਼ ਫ਼ਾਰ ਪੀਸ ਐਂਡ ਡਿਵੈਲਪਮੈਂਟ(ਆਈ ਡੀ ਪੀ ਡੀ) ਦੇ ਸੀਨੀਅਰ ਮੀਤ ਪ੍ਰਧਾਨ ਡਾ ਅਰੁਣ ਮਿੱਤਰਾ ਨੇ ਪੰਜਾਬ ਵਿੱਚ ਕਰੋਨਾ ਦੇ ਵਧ ਰਹੇ ਕੇਸਾਂ ਤੇ ਚਿੰਤਾ ਪ੍ਰਗਟ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਵਧਾਨੀਆਂ ਪ੍ਰਤੀ ਬਿਲਕੁਲ ਵੀ ਲਾਪ੍ਰਵਾਹੀ ਨਾ ਵਰਤਣ । ਪਿੱਛੇ ਜਿਹੇ ਕੇਸ ਘਟਣ ਕਰ ਕੇ ਲੋਕਾਂ ਵਿਚ ਲਾਪ੍ਰਵਾਹੀ ਵੱਡੀ ਪੱਧਰ ਤੇ ਦੇਖਣ ਨੂੰ ਆਈ ਹੈ। ਪਰ ਹੁਣ ਅਵੇਸਲੇ ਹੋਣ ਦਾ ਸਮਾਂ ਨਹੀਂ ਹੈ । ਵਾਇਰਸ ਦੇ ਬਦਲਵੇਂ ਰੂਪ ਦੇ ਕਾਰਨ ਜਿਨ੍ਹਾਂ ਨੂੰ ਪਹਿਲੇ ਵੀ ਕੋਰੋਨਾ ਹੋ ਚੁੱਕਿਆ ਹੈ ਉਨ੍ਹਾਂ ਨੂੰ ਵੀ ਦੁਬਾਰਾ ਦੇਖਣ ਵਿੱਚ ਆਇਆ ਹੈ, ਇਸ ਲਈ ਸਾਵਧਾਨੀਆਂ ਵਰਤਣੀਆਂ ਬਹੁਤ ਜ਼ਰੂਰੀ ਹਨ । ਉਨ੍ਹਾਂ ਕਿਹਾ ਕਿ ਛੋਟੀਆਂ ਛੋਟੀਆਂ ਸਾਵਧਾਨੀਆਂ ਬਹੁਤ ਵੱਡੀਆਂ ਹੁੰਦੀਆਂ ਹਨ ਜਿਵੇਂ ਕਿ ਛੇ ਫੁੱਟ ਦੀ ਸਰੀਰਕ ਦੂਰੀ ਬਣਾ ਕੇ ਰੱਖਣਾ, ਮਾਸਕ ਹਮੇਸ਼ਾਂ ਪਾ ਕੇ ਰੱਖਣਾ, ਬਿਨਾਂ ਵਜ੍ਹਾ ਘਰ ਤੋਂ ਬਾਹਰ ਨਾ ਨਿਕਲਣਾ ਅਤੇ ਹੱਥਾਂ ਨੂੰ ਵਾਰ ਵਾਰ ਵੀਹ ਸਕਿੰਟ ਲਈ ਧੋਣਾ ਤੇ ਜਿਥੇ ਹੱਥ ਧੋਣਾ ਸੰਭਵ ਨਾ ਹੋਵੇ ਉਥੇ ਸੈਨੀਟਾਈਜ਼ ਕਰਨਾ, ਜ਼ਰੂਰੀ ਕੰਮ ਤੇ ਹੀ ਘਰੋਂ ਨਿਕਲਣਾ ਅਤੇ ਬੇਵਜ੍ਹਾ ਭੀੜਾਂ ਵਿਚ ਨਾ ਜਾਣਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਟੀਕਾਕਰਨ ਕਰਾਉਣਾ ਚਾਹੀਦਾ ਹੈ ਕਿਉਂਕਿ ਇਸ ਦੇ ਨਾਲ ਅਗਰ ਦੁਬਾਰਾ ਬਿਮਾਰ ਵੀ ਹੋ ਜਾਓ ਤਾਂ ਬਿਮਾਰੀ ਦੀ ਤੀਬਰਤਾ ਘਟ ਜਾਂਦੀ ਹੈ ਅਤੇ ਜਾਨ ਬਚ ਜਾਂਦੀ ਹੈ।