ਪੁਲਿਸ ਨੇ ਬਿਨਾਂ ਮਾਸਕ ਘੁੰਮਣ ਵਾਲੇ 491 ਵਿਅਕਤੀਆਂ ਦੇ ਕਰਵਾਏ ਕੋਵਿਡ ਟੈਸਟ-100 ਦੇ ਕੱਟੇ ਚਲਾਨ
*ਨੌਜਵਾਨਾਂ ਨੂੰ ਨਸ਼ਿਆਂ ਖਿਲਾਫ਼ ਵੀ ਕੀਤਾ ਜਾ ਰਿਹੈ ਜਾਗਰੂਕ
ਨਵਾਂਸ਼ਹਿਰ: ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਸਬੰਧੀ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲਾ ਪੁਲਿਸ ਵੱਲੋਂ ਅੱਜ ਜ਼ਿਲੇ ਦੀ ਹਦੂਦ ਅੰਦਰ ਵੱਖ-ਵੱਖ ਮੈਡੀਕਲ ਟੀਮਾਂ ਨੂੰ ਨਾਲ ਲੈ ਕੇ ਜਨਤਕ ਥਾਵਾਂ ’ਤੇ ਬਿਨਾਂ ਮਾਸਕ ਘੁੰਮਣ ਵਾਲੇ 491 ਵਿਅਕਤੀਆਂ ਦੇ ਕੋਵਿਡ ਟੈਸਟ ਕਰਵਾਏ ਗਏ। ਇਸ ਤੋਂ ਇਲਾਵਾ ਅੱਜ ਬਗੈਰ ਮਾਸਕ ਘੁੰਮ ਰਹੇ 100 ਵਿਅਕਤੀਆਂ ਦੇ ਚਲਾਨ ਵੀ ਕੱਟੇ ਗਏ। ਇਹ ਜਾਣਕਾਰੀ ਦਿੰਦਿਆਂ ਜ਼ਿਲਾ ਪੁਲਿਸ ਮੁਖੀ ਅਲਕਾ ਮੀਨਾ ਨੇ ਦੱਸਿਆ ਕਿ ਪੁਲਿਸ ਵੱਲੋਂ ਪਿੰਡਾਂ ਵਿਚ ਅਨਾਊਂਸਮੈਂਟਾਂ ਕਰਵਾ ਕੇ ਲੋਕਾਂ ਨੂੰ ਕੋਵਿਡ ਪ੍ਰਤੀ ਸਾਵਧਾਨੀਆਂ ਵਰਤਣ ਲਈ ਜਾਗਰੂਕ ਵੀ ਕੀਤਾ ਜਾ ਰਿਹਾ ਹੈ।
ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲੇ ਨੂੰ ਨਸ਼ਾ ਮੁਕਤ ਕਰਨ ਦੇ ਉਦੇਸ਼ ਨਾਲ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਤਹਿਤ ਸਾਂਝ ਕੇਂਦਰ ਨਵਾਂਸ਼ਹਿਰ ਦੇ ਏ. ਐਸ. ਆਈ ਹੁਸਨ ਲਾਲ ਵੱਲੋਂ ਅੱਜ ਬਾਰਾਂਦਰੀ ਪਾਰਕ ਨਵਾਂਸ਼ਹਿਰ ਵਿਖੇ ਇਕ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ। ਉਨਾਂ ਕਿਹਾ ਕਿ ਜ਼ਿਲੇ ਵਿਚ ਨਸ਼ਾ ਵੇਚਣ ਵਾਲੇ ਵਿਅਕਤੀਆਂ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ। ਉਨਾਂ ਕਿਹਾ ਕਿ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ।
ਉਨਾਂ ਦੱਸਿਆ ਕਿ ਇਸੇ ਤਰਾਂ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਥਾਣਾ ਸਿਟੀ ਬੰਗਾ ਦੀ ਪੁਲਿਸ ਪਾਰਟੀ ਨੇ ਏ. ਐਸ. ਆਈ ਰਛਪਾਲ ਸਿੰਘ ਦੀ ਅਗਵਾਈ ਵਿਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਕੋਲੋਂ 8 ਨਸ਼ੀਲੇ ਟੀਕੇ ਬਰਾਮਦ ਕੀਤੇ ਹਨ। ਉਨਾਂ ਕਿਹਾ ਕਿ ਇਸ ਸਬੰਧੀ ਰਕੇਸ਼ ਕੁਮਾਰ ਪੁੱਤਰ ਸੁਰਜੀਤ ਸਿੰਘ ਵਾਸੀ ਪੂਨੀਆ ਅਤੇ ਕਮਲਦੀਪ ਪੁੱਤਰ ਬਲਵਿੰਦਰ ਸਿੰਘ ਵਾਸੀ ਪੂਨੀਆ ਖਿਲਾਫ਼ ਥਾਣਾ ਸਿਟੀ ਬੰਗਾ ਵਿਖੇ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ ਜਾ ਰਹੀ ਹੈ।