ਡੇਂਗੂ ਰੋਗ ਤੋਂ ਬਚਾਅ ਲਈ ਸਾਵਧਾਨੀਆਂ ਜਰੂਰੀ-ਸਿਵਲ ਸਰਜਨ
ਫਿਰੋਜ਼ਪੁਰ, 23 ਅਗਸਤ 2021: ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ: ਰਾਜਿੰਦਰ ਅਰੋੜਾ ਦੀ ਅਗਵਾਈ ਵਿੱਚ ਵੱਖ ਵੱਖ ਸਿਹਤ ਗਤੀਵਿਧੀਆਂ ਲਗਾਤਾਰ ਜਾਰੀ ਹਨ, ਜਿਸ ਤਹਿਤ ਜ਼ਿਲ੍ਹੇ ਵਿਚ ਡੇਂਗੂ ਕੰਟਰਲ ਪ੍ਰੋਗਰਾਮ ਤਹਿਤ ਜਾਗਰੂਕਤਾ ਮੁਹਿੰਮ ਵੀ ਜਾਰੀ ਹੈ। ਇਸ ਸਿਲਸਿਲੇ ਵਿੱਚ ਜ਼ਿਲੇ ਅੰਦਰ ਡੇਂਗੂ ਕੰਟਰੋਲ ਪ੍ਰੋਗ੍ਰਾਮ ਬਾਰੇ ਜ਼ਿਲਾ ਨੋਡਲ ਅਫਸਰ ਕਮ ਜ਼ਿਲਾ ਐਪੀਡੀਮਾਲੋਜਿਸਟ ਡਾ:ਹਰਵਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬਰਸਾਤੀ ਮੌਸਮ ਵਿੱਚ ਸਾਡੇ ਆਲੇ ਦੁਆਲੇ ਖੜੇ ਪਾਣੀ ਵਿਚ ਮੱਛਰਾਂ ਦੇ ਵਾਧੇ ਦਾ ਸਬੱਬ ਬਣਦਾ ਹੈ। ਅਜਿਹੇ ਮੌਸਮ ਵਿੱਚ ਡੇਂਗੂ ਤੋਂ ਬਚਾਅ ਲਈ ਵਧੇਰੇ ਸਾਵਧਾਨੀਆਂ ਦੀ ਜਰੂਰਤ ਹੁੰਦੀ ਹੈ।
ਇਸ ਸਬੰਧੀ ਜ਼ਿਲਾ ਨਿਵਾਸੀਆਂ ਦੇ ਨਾਮ ਜਾਰੀ ਇੱਕ ਅਪੀਲ ਵਿੱਚ ਸਿਵਲ ਸਰਜਨ ਡਾ:ਰਾਜਿੰਦਰ ਅਰੋੜਾ ਨੇ ਕਿਹਾ ਹੈ ਕਿ ਡੇਂਗੂ ਰੋਗ ਏਡੀਜ ਇਜਿਪਟਿਸ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਇਹ ਇੱਕ ਵਾਇਰਲ ਬੀਮਾਰੀ ਹੈ,ਜਿਸ ਵਿੱਚ ਤੇਜ਼ ਬੁਖਾਰ ,ਸਿਰ ਦਰਦ,ਅੱਖਾਂ ਦੇ ਪਿੱਛਲੇ ਭਾਗ ਵਿੱਚ ਦਰਦ ,ਸਰੀਰ ਅਤੇ ਜੋੜਾਂ ਵਿੱਚ ਦਰਦ ਆਦਿ ਲੱਛਣ ਹੋ ਸਕਦੇ ਹਨ। ਉਹਨਾਂ ਕਿਹਾ ਕਿ ਇਸ ਨੂੰ ਫੈਲਾਉਣ ਵਾਲੇ ਮੱਛਰ ਖੜੇ ਸਾਫ ਪਾਣੀ ਵਿੱਚ ਵੱਧਦੇ ਹਨ ਅਤੇ ਇਹ ਦਿਨ ਵੇਲੇ ਕੱਟਦੇ ਹਨ। ਸਿਵਲ ਸਰਜਨ ਨੇ ਦੱਸਿਆ ਕਿ ਮੱਛਰਾਂ ਦੇ ਵਾਧੇ ਨੂੰ ਰੋਕਣ ਲਈ ਘਰਾਂ ਅੰਦਰ ਕਿਸੇ ਵੀ ਰੂਪ ਵਿੱਚ ਪਾਣੀ ਖੜਾ ਹੋਣ ਦੇਣ ਤੋਂ ਰੋਕਣਾ ਚਾਹੀਦਾ ਹੈ। ਘਰਾਂ ਅੰਦਰ ਕੂਲਰਾਂ ਦਾ ਪਾਣੀ ਹਫਤੇ ਵਿੱਚ ਇੱਕ ਵਾਰ ਜਰੂਰ ਬਦਲਣਾ ਚਾਹੀਦਾ ਹੈ। ਕਿਉਂਕਿ ਡੇਂਗੂ ਦਾ ਲਾਰਵਾ ਇੱਕ ਹਫਤੇ ਵਿੱਚ ਮੱਛਰ ਦੇ ਰੂਪ ਵਿੱਚ ਪਰਵਰਤਿਤ ਹੋ ਜਾਂਦਾ ਹੈ। ਇਸੇ ਲਈ ਸਿਹਤ ਵਿਭਾਗ ਵੱਲੋਂ ਫਰਾਈਡੇ ਡ੍ਰਾਈ ਡੇ ਦਾ ਨਾਰਾ ਦਿੱਤਾ ਗਿਆ ਹੈ। ਉਹਨਾਂ ਅੱਗੇ ਦੱਸਿਆ ਕਿ ਘਰਾਂ ਦਫਤਰਾਂ ਅਤੇ ਦੁਕਾਨਾਂ ਦੀਆਂ ਛੱਤਾਂ ਆਦਿ ਤੇ ਪਏ ਕਬਾੜ ਸਾਮਾਨ, ਟਾਇਰ ਅਤੇ ਗਮਲਿਆਂ ਆਦਿ ਵਿੱਚ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ।
ਸਿਵਲ ਸਰਜਨ ਡਾ. ਰਾਜਿੰਦਰ ਅਰੋੜਾ ਨੇ ਇਹ ਵੀ ਕਿਹਾ ਕਿ ਮੱਛਰਾਂ ਦੇ ਕੱਟਣ ਤੋਂ ਬਚਾਅ ਲਈ ਸਰੀਰ ਨੂੰ ਪੂਰੀ ਤਰਾਂ ਕਵਰ ਕਰਨ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ ਅਤੇ ਮੱਛਰਦਾਨੀਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ । ਵਿਅਕਤੀ ਨੂੰ ਤੇਜ਼ ਬੁਖਾਰ, ਸਰੀਰ ਦਰਦ ਦੀ ਸੂਰਤ ਵਿੱਚ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਡੇਂਗੂ ਦੀ ਜਾਂਚ ਅਤੇ ਇਲਾਜ ਸਰਕਾਰੀ ਹਸਪਤਾਲਾਂ ਵਿਖੇ ਮੁਫਤ ਉਪਲੱਬਧ ਹੈ।