ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਡਾ ਗੁਰਚਰਨ ਸਿੰਘ ਮਹਿਤਾ ਅਤੇ ਰੂਪ ਸਿੰਘ ਰੂਪਾ ਦੇ ਅਕਾਲ ਚਲਾਣੇ ’ਤੇ ਅਫ਼ਸੋਸ ਦਾ ਪ੍ਰਗਟਾਵਾ
ਲੁਧਿਆਣਾ, 27 ਦਸੰਬਰ, 2022: ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰਾਂ, ਪ੍ਰਬੰਧਕੀ ਬੋਰਡ ਦੇ ਮੈਂਬਰਾਂ ਅਤੇ ਸਮੂਹ ਮੈਂਬਰਾਂ ਵੱਲੋਂ ਅਕਾਡਮੀ ਦੇ ਜੀਵਨ ਮੈਂਬਰ ਡਾ. ਗੁਰਚਰਨ ਸਿੰਘ ਮਹਿਤਾ ਅਤੇ ਦਾਨੀ ਸ਼ਖ਼ਸੀਅਤ ਰੂਪ ਸਿੰਘ ਰੂਪਾ ਦੇ ਸਦੀਵੀ ਵਿਛੋੜੇ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ।
ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਹੋਰਾਂ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਡਾ. ਗੁਰਚਰਨ ਸਿੰਘ ਮਹਿਤਾ ਵੱਡੇ ਵਿਦਵਾਨ ਸਨ ਅਤੇ ਅਮਰੀਕਾ ਵੱਸਦੇ ਰੂਪ ਸਿੰਘ ਰੂਪਾ ਦਾਨੀ ਸੱਜਣ ਸਨ। ਸੀਨੀਅਰ ਮੀਤ ਪ੍ਰਧਾਨ ਡਾ. ਸ਼ਿਆਮ ਸੁੰਦਰ ਦੀਪਤੀ ਨੇ ਕਿਹਾ ਡਾ. ਗੁਰਚਰਨ ਸਿੰਘ ਮਹਿਤਾ ਅਤੇ ਰੂਪ ਸਿੰਘ ਰੂਪਾ ਦੇ ਸਦੀਵੀ ਵਿਛੋੜੇ ਨਾਲ ਪੰਜਾਬੀ ਸਾਹਿਤ ਜਗਤ ਅਤੇ ਪਰਿਵਾਰਾਂ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।
ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਹੋਰਾਂ ਨੇੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਡਾ. ਗੁਰਚਰਨ ਸਿੰਘ ਮਹਿਤਾ ਅਕਾਡਮੀ ਦੇ ਮੁੱਢਲੇ ਜੀਵਨ ਮੈਂਬਰ ਸਨ। ਉਨ੍ਹਾਂ ਨੇ ਦਰਜਨ ਦੇ ਕਰੀਬ ਪੁਸਤਕਾਂ ਦੀ ਰਚਨਾ ਕਰਕੇ ਪੰਜਾਬੀ ਸਾਹਿਤ ਜਗਤ ਵਿਚ ਆਪਣਾ ਬਣਦਾ ਯੋਗਦਾਨ ਪਾਇਆ। ਡਾ. ਸਾਹਿਬ ਸਹਾਰਨਪੁਰ ਰਹਿੰਦੇ ਹੋਏ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਨਿਰੰਤਰ ਕਾਰਜਸ਼ੀਲ ਰਹੇ।
ਉਨ੍ਹਾਂ ਦਸਿਆ ਰੂਪ ਸਿੰਘ ਰੂਪਾ ਅਮਰੀਕਾ ਰਹਿੰਦੇ ਹੋਏ ਵੀ ਪੰਜਾਬ ਨਾਲ ਜੁੜੇ ਰਹੇ। ਉਹ ਤਾਉਮਰ ਲੋਕ ਹੱਕਾਂ ਦੀ ਰਖਵਾਲੀ ਲਈ ਜੂਝਦੇ ਰਹੇ। ਉਨ੍ਹਾਂ ਕਿਹਾ ਰੂਪਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਦੀ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਅਤੇ ਆਲ ਇੰਡੀਆ ਯੂਨੀਵਰਸਿਟੀ ਇੰਪਲਾਈਜ਼ ਫੈਡਰੇਸ਼ਨ ਦੇ ਲੰਮਾ ਸਮਾਂ ਜਨਰਲ ਸਕੱਤਰ ਰਹੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਨਾਲ ਵੀ ਉਨ੍ਹਾਂ ਦੀ ਲੰਮੇ ਚਿਰ ਤੋਂ ਸਾਂਝ ਸੀ। ਉਨ੍ਹਾਂ ਅਕਾਡਮੀ ਰਾਹੀਂ ਕਾਮਰੇਡ ਜਗਜੀਤ ਸਿੰਘ ਆਨੰਦ ਦੇ ਨਾਮ ’ਤੇ ਪੁਰਸਕਾਰ ਸਥਾਪਿਤ ਕਰਵਾਇਆ ਜਿਹੜਾ ਹਰ ਸਾਲ ਅਕਾਡਮੀ ਵਲੋਂ ਦਿੱਤਾ ਜਾਂਦਾ ਹੈ।
ਇਸ ਦੁੱਖ ਦੀ ਘੜੀ ਵਿਚ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਪਰਿਵਾਰਾਂ ਅਤੇ ਉਨ੍ਹਾਂ ਦੇ ਸਨੇਹੀਆਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੀ ਹੈ।