ਜ਼ਿਲ੍ਹੇ ਦੀਆਂ 30 ’ਚੋਂ 26 ਮੰਡੀਆਂ ’ਚ ਕਣਕ ਦੀ ਆਮਦ ਤੇ ਖਰੀਦ ਜਾਰੀ
ਸ਼ਨਿੱਚਰਵਾਰ ਤੱਕ 5423 ਮੀਟਿ੍ਰਕ ਟਨ ਖਰੀਦ ਹੋਈ

ਅਗਾਊਂ ਪਾਸ ’ਤੇ ਹੀ ਮੰਡੀਆਂ ’ਚ ਹੋ ਰਹੀ ਆਮਦ
ਨਵਾਂਸ਼ਹਿਰ: ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀਆਂ 30 ’ਚੋਂ 28 ਮੰਡੀਆਂ ’ਚ ਕਣਕ ਦੀ ਆਮਦ ਤੇ ਖਰੀਦ ਜਾਰੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਦੱਸਿਆ ਕਿ ਮੌਸਮ ਦੀ ਖਰਾਬੀ ਕਾਰਨ ਹਾਲਾਂ ਮੰਡੀਆਂ ’ਚ ਆਮਦ ਨੇ ਤੇਜ਼ ਰਫ਼ਤਾਰੀ ਨਹੀਂ ਫੜੀ, ਜਿਸ ਕਾਰਨ ਸ਼ਨਿੱਚਰਵਾਰ ਸ਼ਾਮ ਤੱਕ ਮੰਡੀਆਂ ’ਚ 5423 ਮੀਟਿ੍ਰਕ ਟਨ ਕਣਕ ਦੀ ਆਮਦ ਹੀ ਦਰਜ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਆਮਦ ਆੜ੍ਹਤੀਆਂ ਨੂੰ ਮੰਡੀ ਬੋਰਡ ਵੱਲੋਂ ਜਾਰੀ ਪਾਸ ਦੇ ਆਧਾਰ ’ਤੇ ਹੀ ਮੰਡੀ ’ਚ ਦਰਜ ਕੀਤੀ ਜਾਵੇਗੀ ਅਤੇ ਪਾਸ ਤੋਂ ਬਿਨਾਂ ਕਿਸੇ ਨੂੰ ਵੀ ਮੰਡੀ ’ਚ ਜਿਣਸ ਲੈ ਕੇ ਦਾਖਲ ਹੋਣ ਦੀ ਆਗਿਆ ਨਹੀਂ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਤਹਿਤ ਦਰਸਾਈਆਂ ਗਈਆਂ ਸਾਵਧਾਨੀਆਂ ਦਾ ਉਚੇਚੇ ਤੌਰ ’ਤੇ ਪਾਲਣ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਜਲਦਬਾਜ਼ੀ ’ਚ ਮੰਡੀਆਂ ’ਚ ਇਕੱਠ ਨਾ ਕਰਨ। /(18 ਅਪਰੈਲ)