25 ਅਕਤੂਬਰ ਨੂੰ ਸਥਾਨਕ ਪੰਜਾਬ ਉਰਦੂ ਅਕਾਦਮੀ ਵਿਖੇ ਮਨਾਇਆ ਜਾਵੇਗਾ ਸੀਨੀਅਰ ਸਿਟੀਜ਼ਨ ਦਿਵਸ
ਮਾਲੇਰਕੋਟਲਾ:
"ਸਾਡੇ ਬਜ਼ੁਰਗ ਸਾਡਾ ਮਾਣ" ਮੁਹਿੰਮ ਤਹਿਤ 25 ਅਕਤੂਬਰ 2023 ਦਿਨ ਬੁੱਧਵਾਰ ਨੂੰ ਜ਼ਿਲ੍ਹਾ ਮਾਲੇਰਕੋਟਲਾ ਵਿੱਚ ਸੀਨੀਅਰ ਸਿਟੀਜ਼ਨ ਦਿਵਸ ਨੂੰ ਸਮਰਪਿਤ ਡਿਪਟੀ ਕਮਿਸ਼ਨਰ ਡਾ ਪੱਲਵੀ ਦੀ ਅਗਵਾਈ ਹੇਠ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸਥਾਨਿਕ ਪੰਜਾਬ ਉਰਦੂ ਅਕਾਦਮੀ ਵਿਖੇ ਮਨਾਇਆ ਜਾਵੇਗਾ। ਇਸ ਗੱਲ ਦੀ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ ਨੇ "ਸਾਡੇ ਬਜ਼ੁਰਗ ਸਾਡਾ ਮਾਣ" ਮੁਹਿੰਮ ਤਹਿਤ ਆਯੋਜਿਤ ਹੋਣ ਵਾਲੇ ਵਿਸ਼ੇਸ਼ ਕੈਂਪ ਦੇ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆ ਦਿੱਤੀ । ਉਨ੍ਹਾਂ ਦੱਸਿਆ ਕਿ ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵੱਲੋਂ ਬਜ਼ੁਰਗਾਂ ਦੇ ਅੱਖ, ਨੱਕ ਅਤੇ ਗਲੇ ਆਦਿ ਦਾ ਮੁਫ਼ਤ ਸਿਹਤ ਨਿਰੀਖਣ ਕੀਤਾ ਜਾਵੇਗਾ ਅਤੇ ਬਜ਼ੁਰਗਾਂ ਦੀ ਨਜ਼ਰ ਚੈੱਕ ਕਰਨ ਉਪਰੰਤ ਮੁਫ਼ਤ ਐਨਕਾਂ ਵੀ ਲਗਾਈਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਸਰਪ੍ਰਸਤੀ ਅਤੇ ਸੁਚੱਜੀ ਅਗਵਾਈ ਹੇਠ 3 ਅਕਤੂਬਰ 2023 ਤੋਂ ਪੰਜਾਬ ਰਾਜ ਵਿਚ ਜ਼ਿਲ੍ਹਾਵਾਰ ਸੀਨੀਅਰ ਸਿਟੀਜ਼ਨ ਦੀ ਭਲਾਈ ਲਈ "ਸਾਡੇ ਬਜ਼ੁਰਗ ਸਾਡਾ ਮਾਣ" ਮੁਹਿੰਮ ਛੇੜੀ ਗਈ ਹੈ ਤੇ ਜ਼ਿਲ੍ਹਾ ਵਿੱਚ 25 ਅਕਤੂਬਰ 2023 ਦਿਨ ਬੁੱਧਵਾਰ ਨੂੰ ਸੀਨੀਅਰ ਸਿਟੀਜ਼ਨ ਦਿਵਸ ਵਿਖੇ ਮਨਾਇਆ ਜਾਵੇਗਾ। ਇਸ ਕੈਂਪ ਵਿੱਚ ਬਜ਼ੁਰਗਾਂ ਦੀ ਬੁਢਾਪਾ ਪੈਨਸ਼ਨ ਲਗਵਾਉਣ ਅਤੇ ਸੀਨੀਅਰ ਸਿਟੀਜ਼ਨ ਕਾਰਡ ਬਣਵਾਉਣ ਲਈ ਫਾਰਮ ਭਰੇ ਜਾਣਗੇ। ਪੈਨਸ਼ਨ ਦਾ ਫਾਰਮ ਭਰਵਾਉਣ ਲਈ ਆਧਾਰ ਕਾਰਡ, ਵੋਟਰ ਕਾਰਡ, ਬੈਂਕ ਖਾਤਾ, ਪਾਸਪੋਰਟ ਸਾਈਜ਼ ਫ਼ੋਟੋ ਨਾਲ ਲੈ ਕੇ ਆਉਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਮੂਹ ਬਜ਼ੁਰਗ ਆਪਣਾ ਆਧਾਰ ਕਾਰਡ ਅਤੇ ਪਹਿਲਾ ਲੱਗੀਆਂ ਐਨਕਾਂ ਨਾਲ ਲੈ ਕੇ ਆਉਣ।
ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਅਧੀਨ ਆਉਂਦੇ ਸਾਰੇ ਬਜ਼ੁਰਗਾਂ ਨੂੰ ਅਪੀਲ ਕੀਤੀ ਕਿ 25 ਅਕਤੂਬਰ ਨੂੰ ਲੱਗਣ ਵਾਲੇ ਵਿਸ਼ੇਸ਼ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ।