ਸੁਪਰ ਸੱਕਰ ਮਸੀਨ ਨਾਲ ਆਧੁਨਿਕ ਢੰਗਾਂ ਨਾਲ ਹੋਵੇਗੀ ਸੀਵਰੇਜ਼ ਦੀ ਸਫਾਈ-ਵਿਧਾਇਕ ਪਿੰਕੀ
ਸੀਵਰੇਜ਼ ਬਲਾਕੇਜ਼ ਦੀ ਸਮੱਸਿਆ ਤੋਂ ਮਿਲੇਗਾ ਛੁਟਕਾਰਾ
ਫਿਰੋਜ਼ਪੁਰ: ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ੍ਰ. ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਸ਼ਹਿਰ ਵਿੱਚ ਸੀਵਰੇਜ਼ਾਂ ਦੀ ਆਧੁਨਿਕ ਤਕਨੀਕ ਨਾਲ ਸਫਾਈ ਕਰਨ ਲਈ 70 ਲੱਖ ਰੁਪਏ ਦੀ ਲਾਗਤ ਨਾਲ ਸੁਪਰ ਸੱਕਰ ਮਸੀਨ ਮੰਗਵਾਈ ਜਾ ਰਹੀ ਹੈ। ਇਸ ਮਸੀਨ ਦੇ ਨਾਲ ਸੀਵਰੇਜ ਦੀ ਆਧੁਨਿਕ ਤਕਨੀਕਾਂ ਨਾਲ ਸਫਾਈ ਕੀਤੀ ਜਾਵੇਗੀ ਤਾਂ ਜੋ ਸੀਵਰੇਜ ਬਲਾਕੇਜ ਸਬੰਧੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ। ਇਸ ਤੋਂ ਇਲਾਵਾ ਛੋਟੀਆਂ ਗਲੀਆਂ ਦੇ ਸੀਵਰੇਜ ਦੀ ਸਫਾਈ ਲਈ 2 ਹੋਰ ਆਧੁਨਿਕ ਤਕੀਨਕਾਂ ਨਾਲ ਲੈਸ ਮਸ਼ੀਨਾਂ ਜਿਸਦੀ ਲਾਗਤ 8 ਲੱਖ ਰੁਪਏ ਹੈ ਮੰਗਵਾਈਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਸੀਵਰੇਜ਼ ਦੇ ਮੈਨ ਹੋਲਾਂ ਦੀ ਸਫਾਈ ਲਈ 2 ਗ੍ਰੈਬ ਬਕਡ ਮਸੀਨਾਂ ਸਾਢੇ 17 ਲੱਖ ਰੁਪਏ ਦੀ ਲਾਗਤ ਨਾਲ ਮੰਗਵਾਈਆਂ ਗਈਆਂ ਹਨ ਜੋ ਡੀਜ਼ਲ ਨਾਲ ਚੱਲਣਗੀਆਂ। ਇਸ ਤੋਂ ਇਲਾਵਾ 2 ਈ.ਰਿਕਸ਼ਾ ਮਸ਼ੀਨਾਂ ਵੀ ਮੰਗਵਾਈਆਂ ਗਈਆਂ ਹਨ ਜੋ ਬੈਟਰੀ ਨਾਲ ਚੱਲਣਗੀਆਂ। ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਸ਼ਹਿਰ ਵਿੱਚ ਹੁਣ ਤੱਕ ਸੀਵਰੇਜ ਦੇ ਲਈ 48.90 ਕਰੋੜ ਰੁਪਏ ਦੇ ਕੰਮ ਕਰਵਾਏ ਜਾ ਰਹੇ ਹਨ। 18 ਐੱਮਐੱਲਡੀ ਦਾ ਇੱਕ ਸੀਵੇਜ਼ ਟਰੀਟਮੈਂਟ ਪਲਾਟ ਲਗਾਇਆ ਗਿਆ ਹੈ ਜਿਸ ਨਾਲ ਸਹਿਰ ਦਾ ਗੰਧਾ ਪਾਣੀ ਸਾਫ ਕਰਕੇ ਖੇਤਾਂ ਵਿੱਚ ਸਿੰਜਾਈ ਲਈ ਵਰਤਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਹਾਕੇਵਾਲਾ, ਬਸਤੀ ਨਿਜ਼ਾਮਦੀਨ, ਖੂਹ ਅਮੀਚੰਦ, ਖੂਹ ਬਲਾਕੀਵਾਲਾ ਸਮੇਤ 7 ਜੋ ਫਿਰੋਜ਼ਪੁਰ ਸ਼ਹਿਰ ਵਿੱਚ ਸ਼ਾਮਲ ਕੀਤੇ ਗਏ ਹਨ ਵਿੱਚ ਵੀ ਸੀਵਰੇਜ ਦੀ ਸੁਵਿਧਾ ਦਿੱਤੀ ਜਾਵੇਗੀ। ਤੀਸਰੀ ਮੰਜ਼ਿਲ ਤੇ ਪਾਣੀ ਪਹੁੰਚਾਉਣ ਲਈ 10.76 ਕਰੋੜ ਦੀ ਲਾਗਤ ਨਾਲ 6 ਟੈਂਕੀਆਂ ਤੇ 6 ਟਿਊਬਵੈੱਲ ਲਗਾਏ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਪਾਰਕ 5 ਕਰੋੜ ਰੁਪਏ ਦੀ ਲਾਗਤ ਨਾਲ ਬਣਵਾਇਆ ਗਿਆ ਹੈ।
ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਵਿੱਚ ਹਰ ਖੇਤਰ ਵਿੱਚ ਵਧੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਹਰ ਖੇਤਰ ਵਿੱਚ ਆਧੁਨਿਕ ਤਕਨੀਆਂ ਨਾਲ ਲੈਸ ਮਸੀਨਰੀ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਜੋ ਹਲਕਾ ਨਿਵਾਸੀ ਕਿਸੇ ਤਰ੍ਹਾਂ ਦੀਆਂ ਆਧੁਨਿਕ ਸੁਵਿਧਾਵਾਂ ਤੋਂ ਵਾਂਝੇ ਨਾ ਰਹਿਣ।