ਸ਼ਨੀਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਤੱਕ ਚੁੱਪੀ ਧਾਰ ਕੇ ਦਿਓ ਕੋਵਿਡ ਦੌਰਾਨ ਜਾਨਾਂ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ - ਡਿਪਟੀ ਕਮਿਸ਼ਨਰ
ਇਸ ਸਮੇਂ ਦੌਰਾਨ ਸੜਕੀ ਆਵਾਜਾਈ ਤੋਂ ਵੀ ਕੀਤਾ ਜਾਵੇ ਗੁਰੇਜ
ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਦਿਨੀਂ ਹਰ ਸ਼ਨੀਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਤੱਕ ਚੁੱਪੀ ਧਾਰ ਕੇ ਕਰੋਨਾ ਕਾਰਨ ਜਾਨਾਂ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਦੇਣ ਦੀ ਕੀਤੀ ਅਪੀਲ ਦੇ ਮੱਦੇਨਜਰ 27 ਮਾਰਚ ਨੂੰ ਲੁਧਿਆਣਾ ਜ਼ਿਲੇ ਵਿਚ ਵੀ ਲੋਕਾਂ ਵੱਲੋਂ ਕਰੋਨਾ ਕਾਲ ਵਿਚ ਵਿਛੋੜਾ ਦੇ ਗਏ ਲੋਕਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾਣਗੀਆਂ।
ਇਸ ਸਬੰਧੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਸਾਰੇ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸ਼ਨੀਵਾਰ ਨੂੰ 11 ਤੋਂ 12 ਵਜੇ ਤੱਕ ਮੋਨ ਧਾਰ ਕੇ ਉਨਾਂ ਲੋਕਾਂ ਨੂੰ ਯਾਦ ਕਰਨ ਜੋ ਕਰੋਨਾ ਖਿਲਾਫ ਜੰਗ ਦੌਰਾਨ ਇਸ ਫਾਨੀ ਦੁਨੀਆਂ ਤੋਂ ਚਲੇ ਗਏ ਹਨ। ਉਨਾਂ ਕਿਹਾ ਕਿ ਇਸ ਸਮੇਂ ਦੌਰਾਨ ਸੜਕੀ ਆਵਾਜਾਈ ਕਰਨ ਤੋਂ ਵੀ ਗੁਰੇਜ ਕੀਤਾ ਜਾਵੇ। ਉਨਾਂ ਕਿਹਾ ਕਿ ਇਸ ਵਿਚ ਸਮਾਜਿਕ ਸੰਗਠਨ ਵੀ ਸਹਿਯੋਗ ਕਰਣਗੇ।
ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜਰ ਜਰੂਰੀ ਸਾਵਧਾਨੀਆਂ ਦਾ ਪਾਲਣ ਕਰਨ ਦੀ ਅਪੀਲ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਹਰ ਸਮੇਂ ਮਾਸਕ ਪਾ ਕੇ ਰੱਖੋ, ਸਮਾਜਿਕ ਦੂਰੀ ਰੱਖੋ ਅਤੇ ਵਾਰ ਵਾਰ ਹੱਥ ਧੋਂਦੇ ਰਹੋ, ਇਸ ਨਾਲ ਅਸੀਂ ਕਰੋਨਾ ਨੂੰ ਹਰਾ ਕੇ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਨੂੰ ਕਾਮਯਾਬ ਬਣਾ ਸਕਾਂਗੇ।
ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਜ਼ਿਲ੍ਹੇ ਦੇ ਸਮੂਹ ਸਰਪੰਚਾਂ ਅਤੇ ਪੰਚਾਂ ਨੂੰ ਵੀ ਇਹ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਮਹਾਂਮਾਰੀ ਦੌਰਾਨ ਮਾਰੇ ਗਏ ਲੋਕਾਂ ਨੂੰ ਆਪਣੇ-ਆਪਣੇ ਪਿੰਡਾਂ ਵਿਚ ਲੋਕਾਂ ਨੂੰ ਜਾਗਰੂਕ ਕਰ ਕੇ ਸ਼ਨੀਵਾਰ ਨੂੰ 11 ਤੋਂ 12 ਵਜੇ ਤੱਕ ਚੁੱਪੀ ਧਾਰ ਕੇ ਸ਼ਰਧਾਂਜਲੀ ਦੇਣ ਅਤੇ ਇਸ ਇੱਕ ਘੰਟੇ ਦੌਰਾਨ ਸੜਕੀ ਆਵਾਜਾਈ ਤੋਂ ਵੀ ਗੁਰੇਜ਼ ਕੀਤਾ ਜਾਵੇ.