ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਲਈ ਪਿੰਡ ਲਸੋਈ ਵਿਖੇ ਵਿਸ਼ੇਸ ਜਾਗਰੂਕਤਾ ਕੈਂਪ ਦਾ ਆਯੋਜਨ
ਮਾਲੇਰਕੋਟਲਾ 19 ਅਕਤੂਬਰ, 2023: ਡਿਪਟੀ ਕਮਿਸ਼ਨਰ ਡਾ ਪੱਲਵੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾਲੇਰਕੋਟਲਾ ਜ਼ਿਲ੍ਹੇ ਨੂੰ ਪਰਾਲੀ ਦੀ ਅੱਗ ਤੋਂ 100 ਫੀਂਸਦੀ ਮੁਕਤ ਕਰਨ ਦਾ ਟੀਚਾ ਪ੍ਰਾਪਤ ਕਰਨ ਲਈ ਜ਼ਿਲ੍ਹੇ ਦੇ ਸਮੁੱਚੇ ਪਿੰਡਾਂ ਵਿੱਚ ਝੋਨੇ ਦੀ ਪਰਾਲੀ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਉਸ ਦੇ ਯੋਗ ਪ੍ਰਬੰਧਨ ਲਈ ਵਿਸ਼ੇਸ ਜਾਗਰੂਕਤਾ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ । ਇਸੇ ਕੜੀ ਤਹਿਤ ਖੇਤੀਬਾੜੀ ਬਲਾਕ ਮਾਲੇਰਕੋਟਲਾ ਦੇ ਪਿੰਡ ਲਸੋਈ ਵਿਖੇ ਵਿਸ਼ੇਸ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਲਈ ਜਾਗਰੂਕ ਕੀਤਾ ਗਿਆ।
ਖੇਤੀਬਾੜੀ ਉਪ ਨਿਰੀਖਕ ਇੰਦਰਦੀਪ ਕੌਰ ਨੇ ਕਿਹਾ ਕਿ ਪਰਾਲੀ ਸੰਭਾਲਣਾ ਅਜੋਕੇ ਸਮੇਂ ਦੀ ਸਭ ਤੋਂ ਜਰੂਰੀ ਲੋੜ ਹੈ। ਉਨ੍ਹਾਂ ਵਿਸਥਾਰ ਨਾਲ ਪਰਾਲੀ ਪ੍ਰਬੰਧਨ ਸਬੰਧੀ ਮਸ਼ੀਨਰੀ ਅਤੇ ਤਕਨੀਕਾਂ ਬਾਬਤ ਜਾਣਕਾਰੀ ਸਾਂਝੀ ਕੀਤੀ ਅਤੇ ਪਰਾਲੀ ਦੀ ਊਰਜਾ ਵਜੋਂ, ਪਸ਼ੂਆਂ ਲਈ ਚਾਰੇ ਬਾਬਤ, ਬਾਇਉ ਗੈਸ ਪਲਾਂਟ ਵਿੱਚ, ਖੁੰਬ ਉਤਪਾਦਨ ਲਈ ਅਤੇ ਗੱਤਾ ਉਦਯੋਗ ਵਿੱਚ ਵਰਤੋਂ ਬਾਰੇ ਵੀ ਚਾਨਣਾ ਪਾਇਆ। ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਮਸ਼ੀਨਰੀ ਸਬਸਿਡੀ ’ਤੇ ਵੀ ਉਪਲਬੱਧ ਕਰਵਾਈ ਜਾ ਰਹੀ ਹੈ ਅਤੇ ਕਿਹਾ ਕਿ ਇਸ ਮਸ਼ੀਨਰੀ ਦੀ ਸੁਚੱਜੀ ਅਤੇ ਮੁਕੰਮਲ ਵਰਤੋਂ ਯਕੀਨੀ ਹੋਣੀ ਚਾਹੀਦੀ ਹੈ। ਉਨ੍ਹਾਂ ਪਰਾਲੀ ਪ੍ਰਬੰਧ ਦੀਆਂ ਮਸ਼ੀਨਾਂ ਜਿਵੇਂ ਸਰਫੇਸ ਸੀਡਰ, ਹੈਪੀ ਸੀਡਰ, ਸਮਾਰਟ ਸੀਡਰ, ਜੀਰੋ ਟਿੱਲ ਡਰਿੱਲ, ਉਲਟਾਵੇਂ ਹਲ, ਮਲਚਰ, ਚੌਪਰ ਆਦਿ ਦੀ ਵਰਤੋਂ ਕਰਕੇ ਆਪਣੇ ਖੇਤ ਦੇ ਪਰਾਲ ਦਾ ਮੁਕੰਮਲ ਪ੍ਰਬੰਧ ਕਰਨ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਉਨ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀਆਂ ਕਣਕ ਦੀਆਂ ਨਵੀਆਂ ਕਿਸਮਾਂ ਅਤੇ ਗੁਣਵੱਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ। ਕਿਸਾਨਾਂ ਨੂੰ ਕਣਕ, ਝੋਨੇ ਆਦਿ ਦੀ ਫਸਲ ਦੇ ਕੀੜਿਆਂ ਬਾਰੇ ਭਰਪੂਰ ਜਾਣਕਾਰੀ ਦਿੱਤੀ। ਉਨ੍ਹਾਂ ਹੈਪੀ ਸੀਡਰ ਅਤੇ ਸਰਫੇਸ ਸੀਡਰ ਨਾਲ ਬੀਜੀ ਹੋਈ ਕਣਕ ਵਿੱਚ ਚੂਹਿਆਂ ਦੀ ਰੋਕਥਾਮ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ।