ਸੂਫ਼ੀ ਫ਼ੈਸਟੀਵਲ ਮਾਲੇਰਕੋਟਲਾ ਵਿਖੇ ਆਉਣ ਵਾਲੇ ਲੋਕਾਂ ਦੀ ਖਿੱਚ ਦਾ ਕੇਂਦਰ ਬਣੀ ਸੈਰ ਸਪਾਟਾ ਵਿਭਾਗ ਦੀ ਵਿਸ਼ੇਸ਼ ਪ੍ਰਦਰਸ਼ਨੀ ਬੱਸ
ਪੰਜਾਬ ਦੇ ਇਤਿਹਾਸ ਦਾ ਇੱਕ ਬਹੁਤ ਵੱਡਾ ਸਰੋਤ ਪ੍ਰਦਰਸ਼ਨੀ ਬੱਸ , ਜਿਸ ਤੋਂ ਮਿਲ ਰਹੀ ਹੈ ਪੰਜਾਬ ਦੇ ਇਤਿਹਾਸਕ ਸਥਾਨਾਂ ਬਾਰੇ ਕੀਮਤੀ ਜਾਣਕਾਰੀ
ਮਾਲੇਰਕੋਟਲਾ, 17 ਦਸੰਬਰ, 2023: ਪੰਜਾਬ ਸਰਕਾਰ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਦੀ ਵਿਸ਼ੇਸ਼ ਪ੍ਰਦਰਸ਼ਨੀ ਬੱਸ ਸੂਫ਼ੀ ਫ਼ੈਸਟੀਵਲ ਮਾਲੇਰਕੋਟਲਾ ਦੌਰਾਨ ਸੂਬੇ ਦੀ ਅਮੀਰ ਵਿਰਾਸਤ ਵਾਲੇ ਸ਼ਹਿਰਾਂ ਦੇ ਪ੍ਰਮੁੱਖ ਇਤਿਹਾਸਕ ਸਮਾਰਕਾਂ,ਪਰੰਪਰਾਵਾਂ, ਕਲਾ ਦੇ ਰੂਪਾਂ, ਪੰਜਾਬ ਦੇ ਚੋਟੀ ਦੇ ਸੈਰ –ਸਪਾਟਾ ਸਥਾਨ,ਰੀਤੀ-ਰਿਵਾਜ਼ਾਂ ਅਤੇ ਹੋਰ ਧਾਰਮਿਕ ਸਮਾਰਕਾਂ ਦੇ ਇਤਿਹਾਸ ਤੋਂ ਵੀ ਜਾਣੂ ਕਰਵਾ ਰਹੀ ਹੈ ਤਾਂ ਜੋ ਆਉਣ ਵਾਲੇ ਸਾਲਾਂ ਵਿੱਚ ਪੰਜਾਬ ਟੂਰਿਜ਼ਮ ਦਾ ਟੀਚਾ ਰੁਮਾਂਚਕ ਅਤੇ ਜਲ ਸੈਰ-ਸਪਾਟਾ, ਤੰਦਰੁਸਤੀ ਸੈਰ-ਸਪਾਟਾ ਅਤੇ ਖੇਤੀ ਅਧਾਰਿਤ/ਈਕੋ-ਟੂਰਿਜ਼ਮ ਪੂਰਾ ਕੀਤਾ ਜਾ ਸਕੇ ।
ਸੂਫ਼ੀ ਫ਼ੈਸਟੀਵਲ ਮਾਲੇਰਕੋਟਲਾ ਵਿਖੇ ਆਉਣ ਵਾਲੇ ਲੋਕਾਂ ਲਈ ਇਹ ਪ੍ਰਦਰਸ਼ਨੀ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ ।ਲੋਕਾਂ ਨੂੰ ਆਡੀਓ ਵੀਡੀਓ ਸੰਦੇਸ਼ ਅਤੇ ਫ਼ੋਟੋਆਂ ਦੀ ਪ੍ਰਦਰਸ਼ਨੀ ਨਾਲ ਪੰਜਾਬ ਦੇ ਪ੍ਰਮੁੱਖ ਸੈਰ –ਸਪਾਟਾ ਸਥਾਨਾਂ,ਅਮੀਰ ਵਿਰਾਸਤ ,ਹੋਰ ਧਾਰਮਿਕ ਸਥਾਨਾਂ ਅਤੇ ਸਮਾਰਕਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ ।
ਪੰਜਾਬ ਦੇ ਪ੍ਰਮੁੱਖ ਸਥਾਨਾਂ,ਸਮਾਰਕਾਂ,ਕੁਦਰਤ ਦੀਆਂ ਮਨ ਮੋਹਕ ਤਸਵੀਰਾਂ ਨਾਲ ਲੱਦੀ ਬੱਸ ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ, ਰਾਮ ਤੀਰਥ ਮੰਦਰ, ਦੁਰਗਿਆਣਾ ਮੰਦਰ ਦੇ ਨਾਲ-ਨਾਲ ਜੱਲਿਆਂਵਾਲਾ ਬਾਗ਼ ਕਾਂਡ ਦੀ ਭਾਵਨਾਤਮਕ ਤਸਵੀਰ ਵੀ ਸ਼ਾਮਲ ਹੈ।
ਪਟਿਆਲਾ,ਕਪੂਰਥਲਾ,ਜਲੰਧਰ,ਹੁਸ਼ਿਆਰਪੁਰ, ਰੂਪਨਗਰ, ਗੁਰਦਾਸਪੁਰ, ਪਠਾਨਕੋਟ, ਐਸ.ਏ.ਐਸ. ਨਗਰ (ਮੋਹਾਲੀ), ਸ੍ਰੀ ਫ਼ਤਿਹਗੜ੍ਹ ਸਾਹਿਬ ,ਬਠਿੰਡਾ,ਮਾਨਸਾ,ਮੋਗਾ,ਸੰਗਰੂਰ, ਸ੍ਰੀ ਮੁਕਤਸਰ ਸਾਹਿਬ ਆਦਿ ਸ਼ਹਿਰਾਂ ਦੀ ਅਮੀਰ ਵਿਰਾਸਤ ਨੂੰ ਦਰਸਾਉਂਦੀਆਂ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ । ਫ਼ੋਟੋਆਂ ਤੋਂ ਇਲਾਵਾ ਵਿਭਾਗ ਨੇ ਐਲ.ਈ.ਡੀ. ਸਕਰੀਨ ਵੀ ਲਗਾਈ ਗਈ ਹੈ, ਜਿੱਥੇ ਸ਼ਰਧਾਲੂਆਂ ਨੂੰ ਛੋਟੀਆਂ ਵੀਡੀਓਜ਼ ਦੀ ਮਦਦ ਨਾਲ ਇਨ੍ਹਾਂ ਸਮਾਰਕਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ।
ਪਟਿਆਲਾ ਤੋਂ ਉਚੇਚੇ ਤੌਰ ਤੋਂ " ਸੂਫ਼ੀਆਨਾ ਮੁਸ਼ਾਇਰਾ " ਸੁਣਨ ਲਈ ਆਏ ਰਾਜੀਵ ਚੋਪੜਾ ,ਨੀਤੂ ਚੋਪੜਾ ਨੇ ਕਿਹਾ ਕਿ ਪੰਜਾਬ ਭਰ ਦੇ ਸੈਰ –ਸਪਾਟਾ ਸਥਾਨ ,ਪ੍ਰਮੁੱਖ ਇਤਿਹਾਸਕ,ਧਾਰਮਿਕ ਸਥਾਨਾਂ ਦੀਆਂ ਤਸਵੀਰਾਂ ਦੇਖਣ ਅਤੇ ਜਾਣਕਾਰੀ ਹਾਸਲ ਹੋਣ ਤੋਂ ਬਾਅਦ ਉੱਥੇ ਜਾਣ ਲਈ ਉਤਸੁਕਤਾ ਪੈਦਾ ਹੋ ਜਾਂਦੀ ਹੈ। ਪਿੰਡ ਕੁੱਪ ਰੋਹੀੜਾ ਤੋਂ ਆਏ ਫਿਰੋਜ ਖ਼ਾਨ , ਫਰੀਦਾ, ਸਥਾਨਕ ਅਸ਼ਰਫ ਅਬਦੁੱਲਾ, ਗੁਰਮੁੱਖ ਸਿੰਘ, ਯਾਸੀਨ, ਯਾਸਰ ਅਰਫਾਤ, ਨੇ ਕਿਹਾ ਕਿ ਪੰਜਾਬ ਹੋਰ ਜ਼ਿਲਿਆਂ ਦੀਆਂ ਇਤਿਹਾਸਕ ਇਮਾਰਤਾਂ ਨੂੰ ਜਾਣਨ ਦਾ ਮੌਕਾ ਮਿਲਿਆ ਹੈ । ਯਾਤਰਾ ਅਫ਼ਸਰ ਸ੍ਰੀ ਹਰਦੀਪ ਸਿੰਘ ਵਲੋਂ ਬੜੇ ਹੀ ਵਿਸਥਾਰ ਪੂਰਵਕ ਤਰੀਕੇ ਨਾਲ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਪੰਜਾਬ ਦੀ ਝਾਤ ਦਿੱਤੀ ਹੈ ।
ਕਾਲਜ ਦੀਆਂ ਵਿਦਿਆਰਥਣਾਂ ਨੇ ਪੇਪਰ ਦੇਣ ਉਪਰੰਤ ਪ੍ਰਦਰਸ਼ਨੀ ਦਾ ਦੀਦਾਰ ਕਰਦਿਆ ਕਿਹਾ ਕਿ ਇਹ ਪੰਜਾਬ ਦੇ ਇਤਿਹਾਸ ਦਾ ਇੱਕ ਬਹੁਤ ਵੱਡਾ ਸਰੋਤ ਹੈ ਅਤੇ ਉਨ੍ਹਾਂ ਨੂੰ ਰਾਜ ਦੇ ਇਤਿਹਾਸਕ ਸਥਾਨਾਂ ਬਾਰੇ ਬਹੁਤ ਕੀਮਤੀ ਜਾਣਕਾਰੀ ਮਿਲੀ ਹੈ।
ਗੁਰਲੀਨ ਕੌਰ ਸਾਹਨੀ ਨੇ ਕਿਹਾ ਕਿ ਉਨ੍ਹਾਂ ਨੇ ਸਭ ਤੋਂ ਪਹਿਲਾ ਪੰਜਾਬ ਸਰਕਾਰ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਵੱਲੋਂ ਲਗਾਈ ਵਿਸ਼ੇਸ਼ ਪ੍ਰਦਰਸ਼ਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਨਤਮਸਤਕ ਹੋਣ ਉਪਰੰਤ ਦੇਖੀ ਸੀ । ਜਿੱਥੇ ਸੰਗਤਾਂ ਨੂੰ ਮੁਫ਼ਤ ਸਾਹਿਤ ਵੰਡਣ ਦੇ ਨਾਲ-ਨਾਲ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਅਤੇ ਹੋਰ ਧਾਰਮਿਕ ਸਮਾਰਕਾਂ ਦੇ ਇਤਿਹਾਸ ਤੋਂ ਵੀ ਜਾਣੂ ਕਰਵਾਇਆ ਜਾ ਰਿਹਾ ਸੀ।ਜਿਸ ਸਦਕਾ ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਧਾਰਮਿਕ ਸਥਾਨਾਂ ਨੂੰ ਜਾਣਨ ਦਾ ਮੌਕਾ ਮਿਲਿਆ ਸੀ । ਉਨ੍ਹਾਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਇਸ ਅਮੀਰ ਕੁਲੈਕਸ਼ਨ ਵਾਲੀ ਪ੍ਰਦਰਸ਼ਨੀ ਨੂੰ ਪੰਜਾਬ ਦੇ ਪੇਂਡੂ ਅਤੇ ਸ਼ਹਿਰੀ ਖੇਤਰ ਵਿੱਚ ਮੇਲਿਆਂ,ਧਾਰਮਿਕ ਸਥਾਨਾਂ ਅਤੇ ਵੱਡੇ ਵਪਾਰਿਕ ਕੇਂਦਰ ਦੇ ਬਾਹਰ ਲਗਾਈ ਜਾਵੇ ਤਾਂ ਜੋ ਪੰਜਾਬ ਬਾਰੇ ਝਾਤ ਮਾਰਨ ਦਾ ਮੌਕਾ ਮਿਲ ਸਕੇ ।
ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਕਿਹਾ ਕਿ ਇਸ ਬੱਸ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਸਥਾਨਕ ਲੋਕ ਪੁੱਜ ਰਹੇ ਹਨ । ਸੈਰ ਸਪਾਟਾ ਵਿਭਾਗ ਦੀ ਪ੍ਰਦਰਸ਼ਨੀ ਬੱਸ ਲਗਾਉਣ ਦਾ ਮੁੱਖ ਮੰਤਵ ਪੰਜਾਬ ਦੇ ਅਮੀਰ ਸਭਿਆਚਾਰਕ ਅਤੇ ਧਾਰਮਿਕ ਵਿਰਸੇ ਤੋਂ ਜਾਣੂ ਕਰਵਾਉਣਾ ਹੈ ਤਾਂ ਜੋ ਪੰਜਾਬ ਵਿੱਚ ਸੈਰ ਸਪਾਟਾ ਖੇਤਰ ਨੂੰ ਉਤਸ਼ਾਹਿਤ ਕੀਤਾ ਜਾ ਸਕੇ।