ਗੱਟੀ ਰਾਜੋ ਕੇ ਸਕੂਲ 'ਚ ‘ਪੰਜਾਬੀ ਮਾਹ‘ ਦੀ ਸਮਾਪਤੀ ਤੇ ਵਿਸ਼ੇਸ਼ ਸਮਾਗਮ ਆਯੋਜਿਤ
ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ‘ਚ ਆਪਣਾ ਯੋਗਦਾਨ ਪਾਉਣਾ ਹਰੇਕ ਦਾ ਫਰਜ਼ : ਅਮਰੀਕ ਸਿੰਘ
ਫਿਰੋਜ਼ਪੁਰ, 30 ਨਵੰਬਰ, 2022: ਸਰਹੱਦੀ ਖੇਤਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿਚ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਦੀ ਅਗਵਾਈ ਵਿੱਚ ‘ਪੰਜਾਬੀ ਮਾਹ‘ ਦੀ ਸਮਾਪਤੀ ‘ਤੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਜ਼ਿਲ੍ਹਾ ਲੋਕ ਸੰਪਰਕ ਅਫਸਰ ਅਮਰੀਕ ਸਿੰਘ ਸਾਮਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਸਮਾਗਮ ਵਿਚ ਸ਼੍ਰੀ ਦਿਨੇਸ਼ ਕੁਮਾਰ ਸਿੰਘ ਕੰਪਨੀ ਕਮਾਂਡੈਂਟ ਬੀ.ਐਸ.ਐਫ ਬਤੌਰ ਵਿਸ਼ੇਸ਼ ਮਹਿਮਾਨ ਪਹੁੰਚੇ।
ਇਸ ਮੌਕੇ ਅਮਰੀਕ ਸਿੰਘ ਸਾਮਾ ਨੇ ਆਪਣੇ ਪ੍ਰਧਾਨਗੀ ਸੰਬੋਧਨ ਵਿੱਚ ਸਕੂਲ ਵੱਲੋਂ ਮਾਤ-ਭਾਸ਼ਾ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਕੀਤੇ ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਦਿਆਂ ਕਿਹਾ ਕਿ ਸਾਨੂੰ ਆਪਣੀ ਬੋਲੀ, ਸੱਭਿਆਚਾਰ ਅਤੇ ਅਮੀਰ ਵਿਰਸੇ ਉਪਰ ਮਾਣ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਦਾ ਫਰਜ਼ ਬਣਦਾ ਹੈ ਕਿ ਉਹ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਵਿਚ ਆਪਣਾ ਬਣਦਾ ਯੋਗਦਾਨ ਪਾਵੇ। ਉਨ੍ਹਾਂ ਨੇ ਪੰਜਾਬੀ ਸਾਹਿਤ ਦੀਆਂ ਕਵਿਤਾਵਾਂ ਸਾਂਝੀਆਂ ਕਰਦਿਆਂ ਮਹਾਨ ਸਾਹਿਤਕਾਰਾਂ ਦੇ ਵੱਡਮੁੱਲੇ ਯੋਗਦਾਨ ਦਾ ਜ਼ਿਕਰ ਵੀ ਬੇਹੱਦ ਸੁਚੱਜੇ ਢੰਗ ਨਾਲ ਕੀਤਾ।
ਇਸ ਤੋਂ ਪਹਿਲਾਂ ਡਾ. ਸਤਿੰਦਰ ਸਿੰਘ ਨੈਸ਼ਨਲ ਅਵਾਰਡੀ ਨੇ ਆਏ ਮਹਿਮਾਨਾਂ ਦਾ ਰਸਮੀਂ ਤੌਰ ‘ਤੇ ਸਵਾਗਤ ਕਰਦਿਆਂ ਕਿਹਾ ਕਿ ਮਾਤ ਭਾਸ਼ਾ ਪੰਜਾਬੀ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਸੂਬੇ ਵਿਚ ਨਵੰਬਰ ਮਹੀਨੇ ਨੂੰ ‘ਪੰਜਾਬੀ ਮਾਹ‘ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਨੁੱਖ ਦੇ ਜੀਵਨ ਵਿੱਚ ਮਾਂ ਬੋਲੀ ਦੀ ਵਿਸ਼ੇਸ਼ ਮਹੱਤਤਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਮਾਂ ਦਾ ਦਰਜਾ ਕਿਸੇ ਹੋਰ ਔਰਤ ਨੂੰ ਨਹੀਂ ਦਿੱਤਾ ਜਾ ਸਕਦਾ ਉਸੇ ਤਰਾਂ ਦੁਨੀਆ ਦੀ ਕੋਈ ਵੀ ਹੋਰ ਭਾਸ਼ਾ ਜਾਂ ਬੋਲੀ ਮਾਤ-ਭਾਸ਼ਾ ਦਾ ਸਥਾਨ ਨਹੀਂ ਲੈ ਸਕਦੀ। ਇਸ ਲਈ ਸਾਨੂੰ ਮਾਤ ਭਾਸ਼ਾ ਦੀ ਮਹੱਤਤਾ ਨੂੰ ਸਮਝਦੇ ਹੋਏ ਇਸ ਦਾ ਦਿਲੋ ਸਤਿਕਾਰ ਕਰਨਾ ਚਾਹੀਦਾ ਹੈ।
ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸਟੇਟ ਅਵਾਰਡੀ ਅਧਿਆਪਕ ਅਤੇ ਉੱਘੇ ਭੰਗੜਾ ਕੋਚ ਰਵੀ ਇੰਦਰ ਸਿੰਘ ਨੇ ਪੰਜਾਬੀ ਬੋਲੀਆਂ ਅਤੇ ਅਲਗੋਜ਼ੇ ਰਾਹੀਂ ਸਮਾਗਮ ਵਿੱਚ ਖੁਬ ਰੰਗ ਬੰਨਿਆ। ਉੱਘੇ ਗਾਇਕ ਬਲਕਾਰ ਸਿੰਘ ਜ਼ਿਲ੍ਹਾ ਮੀਡੀਆ ਕੁਆਰਡੀਨੇਟਰ ਸਿੱਖਿਆ ਵਿਭਾਗ ਨੇ ਆਪਣੇ ਗੀਤਾਂ ਰਾਹੀਂ ਚੇਤਨਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਦੋਹਾਂ ਅਧਿਆਪਕਾਂ ਵੱਲੋਂ ਪੰਜਾਬੀ ਮਾਂ ਬੋਲੀ ਦੀ ਮਹੱਤਤਾ ਦਾ ਉਦਾਹਰਨਾਂ ਸਹਿਤ ਵਿਸ਼ੇਸ਼ ਜ਼ਿਕਰ ਕੀਤਾ ਗਿਆ।
ਸਮਾਗਮ ਵਿੱਚ ਸਕੂਲੀ ਵਿਦਿਆਰਥੀਆਂ ਵੱਲੋਂ ਪੰਜਾਬੀ ਮਾਤ ਭਾਸ਼ਾ ਦੀ ਮਹੱਤਤਾ ਨੂੰ ਦਰਸਾਉਂਦਾ ਵਿਸ਼ੇਸ਼ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਮਾਤ ਭਾਸ਼ਾ ਦਿਵਸ ਉਪਰ ਵਿਦਿਅਕ ਮੁਕਾਬਲੇ ਸੁੰਦਰ ਲਿਖਾਈ , ਕਵਿਤਾ ਗਾਇਨ, ਭਾਸ਼ਣ ਮੁਕਾਬਲੇ ਅਤੇ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ। ਸਮਾਗਮ ਦੀ ਸ਼ੁਰੂਆਤ ਸਕੂਲ ਲੈਕਚਰਾਰ ਗੁਰਪ੍ਰੀਤ ਕੌਰ ਵੱਲੋਂ ਗੁਰਬਾਣੀ ਦਾ ਸ਼ਬਦ ਗਾਇਨ ਕਰ ਕੇ ਕੀਤੀ ਗਈ।
ਸਕੂਲੀ ਵਿਦਿਆਰਥੀਆਂ ਨੇ ਗੀਤਾਂ, ਕਵਿਤਾਵਾਂ, ਸੱਭਿਆਚਾਰਕ ਗਰੁੱਪ ਡਾਂਸ ਅਤੇ ਲੋਕ ਨਾਚ ਗਿੱਧਾ ਰਾਹੀ ਸਰੋਤਿਆਂ ਦਾ ਖੂਬ ਮਨੋਰੰਜਨ ਕੀਤਾ। ਸਕੂਲ ਦੇ ਪੁਰਾਣੇ ਵਿਦਿਆਰਥੀ ਹਰਪ੍ਰੀਤ ਸਿੰਘ ਨੇ ਨਸ਼ਿਆਂ ਦੀ ਬੁਰਾਈ ਨੂੰ ਉਜਾਗਰ ਕਰਦਾ ਗੀਤ ਅਤੇ ਸੁਮਨ ਰਾਣੀ ਦੀ ਸ਼ਹੀਦ ਭਗਤ ਸਿੰਘ ਦੀ ਸੋਚ ‘ਤੇ ਪੇਸ਼ਕਾਰੀ ਨੇ ਸਰੋਤਿਆਂ ਅਤੇ ਮਾਹੋਲ ਨੂੰ ਸੰਜੀਦਾ ਕਰ ਦਿੱਤਾ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਅਮਰਜੀਤ ਕੌਰ ਸਕੂਲ ਅਧਿਆਪਕਾ ਵੱਲੋਂ ਬਾਖ਼ੂਬੀ ਨਿਭਾਈ। ਸਮਾਗਮ ਦੌਰਾਨ ਪੰਜਾਬੀ ਵਿਰਸੇ ਦੀਆਂ ਪੁਰਾਤਨ ਵਸਤੂਆਂ ਦੀ ਵਿਸ਼ਾਲ ਪ੍ਰਦਰਸ਼ਨੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ।
ਸਮਾਗਮ ਦੇ ਅੰਤ ਵਿਚ ਸਕੁਲ ਵੱਲੋਂ ਸਮਾਗਮ ਵਿੱਚ ਭਾਗ ਲੈਣ ਵਾਲੇ 50 ਤੋਂ ਵੱਧ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਵੱਲੋਂ ਸਨਮਾਨਿਤ ਕਰਵਾਇਆ ਗਿਆ ਅਤੇ ਮਹਿਮਾਨਾਂ ਨੂੰ ਯਾਦ ਚਿੰਨ੍ਹ ਭੇਂਟ ਕੀਤੇ ਗਏ।
ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਪੰਜਾਬੀ ਵਿਸ਼ੇ ਦੇ ਅਧਿਆਪਕਾਂ ਸ੍ਰੀਮਤੀ ਬਲਵਿੰਦਰ ਕੌਰ ਲੈਕਚਰਾਰ, ਸ੍ਰੀਮਤੀ ਗੀਤਾ, ਦਵਿੰਦਰ ਕੁਮਾਰ ਤੋ ਇਲਾਵਾ ਡਾ. ਏ.ਪੀ.ਜੇ ਅਬਦੁਲ ਕਲਾਮ ਹਾਉਸ ਦੇ ਮੈਂਬਰਾਂ ਨੇ ਵਡਮੁੱਲਾ ਯੋਗਦਾਨ ਪਾਇਆ। ਇਸ ਮੌਕੇ ਸਰਪੰਚ ਜੱਗਾ ਸਿੰਘ, ਸ. ਗੁਰਨਾਮ ਸਿੰਘ ਸਾਬਕਾ ਚੇਅਰਮੈਨ, ਸਕੂਲ ਸਟਾਫ ਵਿਸ਼ਾਲ ਗੁਪਤਾ, ਪ੍ਰਿਤਪਾਲ ਸਿੰਘ, ਬਲਵਿੰਦਰ ਕੋਰ, ਪ੍ਰਿਯੰਕਾ ਜੋਸ਼ੀ, ਗੀਤਾ, ਪ੍ਰਵੀਨ ਬਾਲਾ, ਸੁਚੀ ਜੈਨ, ਗੁਰਪ੍ਰੀਤ ਕੌਰ ਲੈਕਚਰਾਰ, ਅਰੁਣ ਕੁਮਾਰ , ਵਿਜੇ ਭਾਰਤੀ, ਸੰਦੀਪ ਕੁਮਾਰ, ਮਨਦੀਪ ਸਿੰਘ, ਬਲਜੀਤ ਕੌਰ, ਦਵਿੰਦਰ ਕੁਮਾਰ, ਅਮਰਜੀਤ ਕੌਰ, ਮਹਿਮਾ ਕਸ਼ਅਪ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।