ਵਿਜੀਲੈਂਸ ਬਿਊਰੋ ਵਲੋਂ “ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਸਪਤਾਹ” ਤਹਿਤ ਸਰਬ ਹਿੱਤਕਾਰੀ, ਵਿੱਦਿਆ ਮੰਦਿਰ,ਮਾਲੇਰਕੋਟਲਾ ਵਿਖੇ 3 ਨਵੰਬਰ ਨੂੰ ਆਯੋਜਿਤ ਕੀਤਾ ਜਾਵੇਗਾ ਵਿਸ਼ੇਸ਼ ਸੈਮੀਨਾਰ
ਮਾਲੇਰਕੋਟਲਾ, 1 ਨਵੰਬਰ, 2023: ਵਿਜੀਲੈਂਸ ਬਿਊਰੋ ਵਲੋਂ ਮਿਤੀ 30 ਅਕਤੂਬਰ ਤੋਂ 05 ਨਵੰਬਰ ਤੱਕ “ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਸਪਤਾਹ” ਦਾ ਆਯੋਜਨ ਕੀਤੀ ਜਾ ਰਿਹਾ ਹੈ । ਇਸ ਗੱਲ ਦੀ ਜਾਣਕਾਰੀ ਉਪ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਯੂਨਿਟ ਸੰਗਰੂਰ ਸ੍ਰੀ ਪਰਮਿੰਦਰ ਸਿੰਘ ਨੇ ਦਿੱਤੀ । ਉਨ੍ਹਾਂ ਦੱਸਿਆ ਕਿ “ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਸਪਤਾਹ” ਦੀ ਲੜੀਂ ਤਹਿਤ “ਭ੍ਰਿਸ਼ਟਾਚਾਰ ਦਾ ਵਿਰੋਧ ਕਰੋ, ਦੇਸ਼ ਪ੍ਰਤੀ ਵਚਨਬੱਧ ਰਹੋ ” ਵਿਸ਼ੇ ਤੇ ਜ਼ਿਲ੍ਹਾ ਮਾਲੇਰਕੋਟਲਾ ਵਿਖੇ ਮਿਤੀ 3 ਨਵੰਬਰ ਦਿਨ ਸੁਕਰਵਾਰ ਸਵੇਰੇ 11-00 ਵਜੇ ਤੋਂ ਦੁਪਹਿਰ 01-00 ਵਜੇ ਤੱਕ ਸਰਬ ਹਿੱਤਕਾਰੀ, ਵਿੱਦਿਆ ਮੰਦਿਰ, ਧੁਰੀ ਰੋਡ ਮਾਲੇਰਕੋਟਲਾ ਵਿਖੇ ਇੱਕ ਵਿਸ਼ੇਸ ਸੈਮੀਨਾਰ ਦਾ ਆਯੋਜਨ ਕੀਤਾ ਜਾਵੇਗਾ ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਭ੍ਰਿਸ਼ਟਾਚਾਰ ਖਿਲਾਫ਼ ਜ਼ੀਰੋ ਟਾਲਰੈਂਸ ਤਹਿਤ ਅਪਣਾਈ ਜਾ ਰਹੀ ਨੀਤੀ ਅਧੀਨ ਵਿਜੀਲੈਂਸ ਵਿਭਾਗ ਵਲੋਂ ਭ੍ਰਿਸ਼ਟਾਚਾਰ ਖਿਲਾਫ਼ ਵਿਸ਼ੇਸ਼ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਦਫ਼ਤਰਾਂ ਦੇ ਉੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸੈਮੀਨਾਰ ਦਾ ਹਿੱਸਾ ਬਣਨ ਅਤੇ ਆਪਣੇ ਹੱਕਾਂ ਅਤੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ । ਉਨ੍ਹਾਂ ਖਾਸ ਤੌਰ ਤੇ ਕਾਲਜ ਦੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਇਸ ਸੈਮੀਨਾਰ ਦਾ ਹਿੱਸਾ ਬਣਕੇ ਯੋਗ ਤੇ ਜਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦੇਣ ।