ਵਿਦਿਆਰਥੀਆਂ ਨੇ ਵਿੱਦਿਅਕ ਅਨੁਭਵ ਨੂੰ ਵਧਾਉਣ ਅਤੇ ਵੱਖ-ਵੱਖ ਪੇਸ਼ੇਵਰ ਖੇਤਰਾਂ ਦੀ ਵਿਵਹਾਰਕ ਸਮਝ ਪ੍ਰਦਾਨ ਕਰਨ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ ਦਫ਼ਤਰ ਦਾ ਕੀਤਾ ਦੌਰਾ
ਮਾਲੇਰਕੋਟਲਾ, 25 ਦਸੰਬਰ, 2023: ਸਕੂਲ ਆਫ਼ ਐਮੀਨੈਂਸ- ਬਾਗੜੀਆਂ ਅਤੇ ਸੰਦੌੜ ਦੇ ਵਿਦਿਆਰਥੀਆਂ ਦੇ ਵਿੱਦਿਅਕ ਅਨੁਭਵ ਨੂੰ ਵਧਾਉਣ ਅਤੇ ਉਹਨਾਂ ਨੂੰ ਵੱਖ-ਵੱਖ ਪੇਸ਼ੇਵਰ ਖੇਤਰਾਂ ਦੀ ਵਿਵਹਾਰਕ ਸਮਝ ਪ੍ਰਦਾਨ ਕਰਨ ਦੇ ਉਦੇਸ਼ ਨਾਲ, ਗਿਆਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਦੀ ਐਕਸਪੋਜਰ ਵਿਜਿਟ ਤਹਿਤ ਸਿਵਲ ਪ੍ਰਸ਼ਾਸਨ ਦੀ ਕਾਰਜ-ਪ੍ਰਣਾਲੀ ਦੀ ਪੇਸ਼ੇਵਰ ਪ੍ਰਕ੍ਰਿਆ ਸਬੰਧੀ ਜਾਣਕਾਰੀ ਸਾਂਝੀ ਕਰਨ ਦੇ ਮਕਸਦ ਨਾਲ ਅੱਜ ਦਫ਼ਤਰ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਦਾ ਵਿਸ਼ੇਸ਼ ਸਿੱਖਿਆ ਟੂਰ ਕਰਵਾਇਆ ਗਿਆ । ਸਕੂਲ ਦੇ ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੀਆਂ ਵੱਖ ਵੱਖ ਸ਼ਾਖਾਵਾਂ ਵਿੱਚ ਜਾ ਕੇ ਉਨ੍ਹਾਂ ਦੇ ਕੰਮ ਕਾਜ ਬਾਰੇ ਜਾਣਕਾਰੀ ਇਕੱਤਰ ਕੀਤੀ ।
ਇਸ ਮੌਕੇ ਉਨ੍ਹਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ ਪੱਲਵੀ ਨਾਲ ਮੁਲਾਕਾਤ ਕੀਤੀ । ਉਨ੍ਹਾਂ ਤੋਂ ਡਾਕਟਰੀ ਦੀ ਪੜ੍ਹਾਈ ਤੋਂ ਲੈ ਕੇ ਆਈ.ਏ.ਐਸ ਤੱਕ ਦਾ ਸਫ਼ਰ ਸਬੰਧੀ ਉਨ੍ਹਾਂ ਦੇ ਅਨੁਭਵਾਂ ਬਾਰੇ ਜਾਣਕਾਰੀ ਹਾਸਲ ਕੀਤੀ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਐਕਸਪੋਜਰ ਵਿਜ਼ਿਟ ਕਰਵਾਉਣ ਦਾ ਮੁੱਖ ਮਨੋਰਥ ਉਨ੍ਹਾਂ ਨੂੰ ਸਰਕਾਰੀ ਵਿਭਾਗਾਂ ਦੀ ਕਾਰਜ-ਪ੍ਰਣਾਲੀ ਦੀ ਪੇਸ਼ੇਵਰ ਪ੍ਰਕ੍ਰਿਆ ਤੋਂ ਅਵਗਤ ਕਰਵਾਉਣਾ ਹੈ । ਇਸ ਕੜੀ ਤਹਿਤ ਸਕੂਲੀ ਵਿਦਿਆਰਥੀਆਂ ਨੂੰ ਜ਼ਿਲ੍ਹਾ ਅਦਾਲਤ, ਸਰਕਾਰੀ ਹਸਪਤਾਲ,ਡਿਫੈਂਸ ਅਕੈਡਮੀ/ਆਰਮੀ ਛਾਉਣੀ, ਸਪੋਰਟਸ ਅਕੈਡਮੀ/ਸਟੇਡੀਅਮ,ਇੰਜੀਨੀਅਰਿੰਗ ਕਾਲਜ ਆਦਿ ਦਾ ਵੀ ਦੌਰਾ ਕਰਵਾਇਆ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਆਪਣੇ ਭਵਿੱਖ ਦੀਆਂ ਸੰਭਾਵਨਾਵਾਂ ਅਤੇ ਮੌਕਿਆਂ ਦੀ ਉਪਲਬਧਤਾ ਤੋਂ ਜਾਣੂ ਕਰਵਾ ਕੇ ਕੈਰੀਅਰ ਸਬੰਧੀ ਦਿਸ਼ਾ ਮਿਲ ਸਕੇ ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਸਕੂਲੀ ਵਿਦਿਆਰਥੀਆਂ ਦੇ ਭਵਿੱਖ ਦੇ ਸੰਭਾਵੀ ਖੇਤਰਾਂ ਬਾਬਤ ਬਹੁਪੱਖੀ ਤਰੀਕਿਆਂ ਤੇ ਡੂੰਘਾਈ ਨਾਲ ਮਾਰਗ ਦਰਸ਼ਨ ਕਰਦਿਆਂ ਅਗਲੇਰੀ ਪੜ੍ਹਾਈ ਦੀ ਚੋਣ ਕਰਨ ਬਾਰੇ ਦੱਸਿਆ । ਉਨ੍ਹਾਂ ਨੂੰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨਸ਼ਿਆਂ ਅਤੇ ਮਾੜੇ ਪ੍ਰਭਾਵਾਂ ਤੋਂ ਦੂਰ ਰਹਿਣ ਦੀ ਅਪੀਲ ਵੀ ਕੀਤੀ। ਡਿਪਟੀ ਕਮਿਸ਼ਨਰ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮੁੱਖ ਮੰਤਰੀ ਪੰਜਾਬ, ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿੱਖਿਆ ਵਿਭਾਗ ਨੌਜਵਾਨ ਵਿਦਿਆਰਥੀਆਂ ਨੂੰ ਇੱਕ ਸਫਲ ਭਵਿੱਖ ਲਈ ਲੋੜੀਂਦੇ ਜ਼ਰੂਰੀ ਗਿਆਨ, ਮਾਰਗ ਦਰਸ਼ਨ ਅਤੇ ਪ੍ਰੇਰਨਾ ਨਾਲ ਲੈਸ ਕਰਨ ਦੇ ਉਦੇਸ਼ ਨਾਲ ਪਹਿਲਕਦਮੀਆਂ ਕਰ ਰਿਹਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਵੱਖ ਵੱਖ ਵਿਭਾਗਾਂ ਦੇ ਕੰਮ ਕਰਨ ਦੀ ਪ੍ਰੀਕ੍ਰਿਆਂ ਅਤੇ ਸਰਕਾਰੀ ਅਹੁਦਿਆਂ ਬਾਰੇ ਜਾਣਕਾਰੀ ਮਿਲ ਸਕੇ ਅਤੇ ਉਨ੍ਹਾਂ ਤੋਂ ਪ੍ਰੇਰਿਤ ਹੋ ਕੇ ਆਪਣੇ ਕੈਰੀਅਰ ਦੀ ਚੋਣ ਕਰ ਸਕਣ । ਵਿਦਿਆਰਥਣ ਨੂੰ ਚੰਗੇ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹਰ ਸਮੇਂ ਵਿਦਿਆਰਥੀਆਂ ਨੂੰ ਅੱਗੇ ਵਧਣ ਵਿਚ ਮਦਦ ਕਰਨ ਲਈ ਤਿਆਰ ਹੈ ਤੇ ਇਸ ਲਈ ਜੋ ਵੀ ਸੰਭਵ ਮਦਦ ਹੋ ਸਕਦਾ ਹੈ ,ਉਹ ਕੀਤੀ ਜਾਵੇਗਾ।
ਐਸ.ਡੀ.ਐਮ. ਸ੍ਰੀਮਤੀ ਅਪਰਨਾ ਐਮ.ਬੀ. ਨੇ ਕਿਹਾ ਕਿ ਸਕੂਲੀ ਵਿਦਿਆਰਥੀਆਂ ਨੂੰ ਪਹਿਲੀ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਬਾਤ ਕਰਨ ,ਦਫ਼ਤਰ ਦੇਖਣ ,ਦਫ਼ਤਰੀ ਪ੍ਰਣਾਲੀ ਸਮਝਣ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਮਿਲਣ ਦਾ ਮੌਕਾ ਪ੍ਰਾਪਤ ਹੋਇਆ ਜੋ ਕਿ ਉਨ੍ਹਾਂ ਆਪਣੇ ਕੈਰੀਅਰ ਲਈ ਕੋਰਸ ਦੀ ਚੋਣ ਕਰਨ ਵਿੱਚ ਮਦਦ ਕਰੇਗਾ । ਐਸ.ਡੀ.ਐਮ.ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਪ੍ਰੋਗਰਾਮ ਨਾਲ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਕਾਮਯਾਬੀ ਹਾਸਲ ਕਰਨ ਲਈ ਲਗਨ ਨਾਲ ਪੜ੍ਹਨ ਦੀ ਪ੍ਰੇਰਨਾ ਮਿਲੇਗੀ।ਉਨ੍ਹਾਂ ਵਿਦਿਆਰਥੀਆਂ ਨੂੰ ਰੋਜ਼ਾਨਾ ਅਖ਼ਬਾਰ , ਅੱਛਾ ਸਾਹਿਤ ਆਦਿ ਪੜ੍ਹਨ ਦੀ ਸਲਾਹ ਦਿੱਤੀ ।
ਸਹਾਇਕ ਕਮਿਸ਼ਨਰ ਗੁਰਮੀਤ ਕੁਮਾਰ ਨੇ ਆਪਣੇ ਤਜਰਬੇ ਸਾਂਝੇ ਕਰਦਿਆ ਨੌਜਵਾਨਾਂ ਵਿਦਿਆਰਥੀਆਂ ਨੂੰ ਫ਼ੌਜ, ਪੈਰਾ ਮਿਲਟਰੀ ਫੋਰਸਜ਼, ਸਿਵਲ ਪ੍ਰਸ਼ਾਸਨ ਵਿੱਚ ਕੈਰੀਅਰ ਦੇ ਮੌਕੇ ਅਤੇ ਹੋਰ ਕਿੱਤਾ ਮੁਖੀ ਵਿੱਦਿਅਕ ਕੋਰਸਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ,ਡੀ.ਡੀ.ਐਫ ਆਸਿਫ਼ ਖ਼ਾਨ, ਵਾਈਸ ਪ੍ਰਿੰਸੀਪਲ ਸਕੂਲ ਆਫ਼ ਐਮੀਨੈਂਸ- ਬਾਗੜੀਆਂ ਰਚਨਾ ਕਾਮਰਾ ,ਡਾ. ਨਵਦੀਪ ਕੌਰ, ਮੁਹੰਮਦ. ਕਫੀਲ, ਰਵਿੰਦਰ ਘਈ ਮੌਜੂਦ ਸਨ ।
ਇਸ ਮੌਕੇ ਵਿਦਿਆਰਥੀਆਂ ਨੂੰ ਦਫ਼ਤਰ ਡਿਪਟੀ ਕਮਿਸ਼ਨਰ ਦੇ ਸਾਰੇ ਕੰਮਕਾਜ ਸਬੰਧੀ ਜਾਣਕਾਰੀ ਦਿੱਤੀ ਗਈ ਹੈ ਅਤੇ ਵੱਖ ਵੱਖ ਸ਼ਾਖਾਵਾਂ ਦਾ ਦੌਰਾ ਵੀ ਕਰਵਾਇਆ । ਇਸ ਉਪਰੰਤ ਵਿਦਿਆਰਥੀਆਂ ਨੂੰ ਦਫ਼ਤਰ ਜ਼ਿਲ੍ਹਾ ਖੇਡ ਵਿਭਾਗ, ਡਾ ਜ਼ਾਕਿਰ ਹੁਸੈਨ ਸਟੇਡੀਅਮ ਦਾ ਵਿਖੇ ਕੋਚਾਂ ਆਦਿ ਨਾਲ ਮੁਲਾਕਾਤ ਵੀ ਕਰਵਾਈ ਗਈ ।