ਟੋਕੀਓ ਓਲੰਪਿਕ ਖੇਡਾਂ 2021: ਪੰਜਾਬ ਦੇ ਖਿਡਾਰੀਆਂ ਦਾ ਜੇਤੂ ਤਗ਼ਮਿਆਂ ਵਿੱਚ ਕਿੰਨਾ ਕੁ ਹੋਵੇਗਾ ਯੋਗਦਾਨ  ?

ਟੋਕੀਓ ਓਲੰਪਿਕ ਖੇਡਾਂ 2021: ਪੰਜਾਬ ਦੇ ਖਿਡਾਰੀਆਂ ਦਾ ਜੇਤੂ ਤਗ਼ਮਿਆਂ ਵਿੱਚ ਕਿੰਨਾ ਕੁ ਹੋਵੇਗਾ ਯੋਗਦਾਨ  ?
ਲੇਖਕ।

ਟੋਕੀਓ ਓਲੰਪਿਕ ਖੇਡਾਂ ਜੋ 23 ਜੁਲਾਈ ਤੋਂ 8 ਅਗਸਤ ਤੱਕ ਜਾਪਾਨ ਦੇ ਸ਼ਹਿਰ ਟੋਕੀਓ ਵਿਖੇ ਹੋ ਰਹੀਆਂ ਹਨ  ਉਸ ਵਾਸਤੇ ਭਾਰਤ ਦਾ 190 ਮੈਂਬਰੀ ਵਫ਼ਦ ਜਿਸ ਵਿੱਚ 125 ਦੇ ਕਰੀਬ ਅਥਲੀਟ  ਹੋਣਗੇ ਵਿੱਚ ਹਿੱਸਾ ਲੈਣਗੇ  ।ਟੋਕੀਓ ਓਲੰਪਿਕ ਖੇਡਾਂ 2021  ਵਿੱਚ ਭਾਰਤ ਕੁੱਲ 16 ਪ੍ਰਤੀਯੋਗਤਾਵਾਂ ਚ ਹਿੱਸਾ ਲਵੇਗਾ ਜਿਸ ਵਿੱਚ ਹਾਕੀ ਮਰਦ ਅਤੇ ਇਸਤਰੀਆਂ  , ਕੁਸ਼ਤੀਆਂ ,ਵੇਟਲਿਫਟਿੰਗ , ਨਿਸ਼ਾਨੇਬਾਜ਼ੀ, ਬਾਕਸਿੰਗ ,ਬੈਡਮਿੰਟਨ, ਅਰਚਰੀ, ਟੇਬਿਲ ਟੈਨਿਸ ਫੈਨਸਿੰਗ ਗੋਲਫ਼ ਜਿਮਨਾਸਟਿਕ, ਜੂਡੋ ,ਰੋਇੰਗ ,ਸੇਲਿੰਗ  ਆਦਿ ਖੇਡਾਂ ਹਨ ਜਿੱਥੋਂ ਤਕ ਭਾਰਤ ਨੂੰ ਤਗ਼ਮਿਆਂ ਦੀ ਆਸ ਹੈ ਉਹ ਹਾਕੀ ਮਰਦ, ਬਾਕਸਿੰਗ ਨਿਸ਼ਾਨੇਬਾਜ਼ੀ , ਬੈਡਮਿੰਟਨ ,ਅਰਚਰੀ ਕੁਸ਼ਤੀਆਂ ਅਤੇ ਵੇਟਲਿਫਟਿੰਗ ਆਦਿ ਖੇਡਾਂ ਤੋਂ ਹੈ ਕਿ ਜਦ ਕਿ ਬਾਕੀ ਖੇਡਾਂ ਵਿੱਚ ਤਾਂ ਭਾਰਤ ਦੀ ਸਿਰਫ ਖਾਨਾਪੂਰਤੀ ਹੀ ਹੋਵੇਗੀ, ਜੇਕਰ ਇੰਨਾ  ਖੇਡਾਂ ਵਿੱਚ ਕੋਈ ਤਗ਼ਮਾ ਆਉਂਦਾ ਹੈ ਤਾਂ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ ਹੋਵੇਗਾ।  ਜੇਕਰ ਟੋਕੀਓ ਓਲੰਪਿਕ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆਂ ਦੀ ਸ਼ਮੂਲੀਅਤ ਦੀ ਗੱਲ ਕਰੀਏ  ਪੰਜਾਬ ਦਾ ਸਭ ਤੋਂ ਵੱਡਾ ਦਬਦਬਾ ਹਾਕੀ ਮਰਦਾਂ ਵਿੱਚ  ਹੀ ਹੈ ਜਿਸ ਵਿੱਚ ਪੰਜਾਬ ਨਾਲ ਸੰਬੰਧਤ  8 ਖਿਡਾਰੀ ਭਾਰਤੀ ਟੀਮ ਦਾ ਹਿੱਸਾ ਬਣੇ ਹਨ ਜਿਨ੍ਹਾਂ ਵਿੱਚ ਰੁਪਿੰਦਰਪਾਲ  ਸਿੰਘ, ਹਰਮਨਪ੍ਰੀਤ ਸਿੰਘ ,ਮਨਦੀਪ ਸਿੰਘ ,ਕਪਤਾਨ ਮਨਪ੍ਰੀਤ ਸਿੰਘ ,ਸ਼ਮਸ਼ੇਰ ਸਿੰਘ ,ਦਿਲਪ੍ਰੀਤ ਸਿੰਘ, ਹਾਰਦਿਕ ਸਿੰਘ, ਗੁਰਜੰਟ ਸਿੰਘ ਵਿਰਕ ਤੋਂ ਇਲਾਵਾ ਕੁੜੀਆਂ ਦੀ ਹਾਕੀ ਵਿੱਚ ਗੁਰਜੀਤ ਕੌਰ ਚੁਣੀ ਗਈ ਹੈ ਜਦਕਿ ਅਥਲੈਟਿਕਸ ਵਿੱਚ ਸ਼ਾਟਪੁੱਟਰ ਤਜਿੰਦਰਪਾਲ ਸਿੰਘ ਤੂਰ, ਡਿਸਕਸ ਥ੍ਰੋ ਵਿੱਚ ਕਮਲਪ੍ਰੀਤ ਕੌਰ , ਜਦਕਿ ਮੁੱਕੇਬਾਜ਼ੀ  ਸਿਮਰਨਜੀਤ ਕੌਰ ਚਕਰ ਆਦਿ ਖਿਡਾਰੀਆਂ ਦੇ ਨਾਮ ਵਰਨਣਯੋਗ ਹਨ  ਜੇਕਰ ਹਾਕੀ ਖੇਡ ਵਿੱਚ ਭਾਰਤ ਨੂੰ ਕੋਈ ਤਗ਼ਮਾ ਆਉਂਦਾ ਹੈ ਤਾਂ ਪੰਜਾਬ ਦੀ ਪੂਰੇ ਮੁਲਕ ਵਿੱਚ ਬੱਲੇ ਬੱਲੇ ਹੋਵੇਗੀ ਜਦਕਿ ਅਥਲੈਟਿਕਸ ਤੋਂ ਸੰਭਾਵਨਾਵਾਂ ਬਹੁਤ ਘੱਟ ਹਨ ਕਿਉਂਕਿ ਆਲਮੀ ਪੱਧਰ ਦੇ ਅਥਲੀਟ ਸਾਡੇ ਨਾਲੋਂ ਬਹੁਤ ਅੱਗੇ ਹਨ , ਪੰਜਾਬ ਦੀ ਧੀ ਸਿਮਰਨਜੀਤ ਕੌਰ ਚਕਰ ਮੁੱਕੇਬਾਜ਼ੀ ਵਿੱਚ ਕੋਈ ਵੱਡਾ ਕ੍ਰਿਸ਼ਮਾ ਦਿਖਾ ਸਕਦੀ ਹੈ  । ਪੰਜਾਬ ਤੋਂ ਇਲਾਵਾ ਗੁਆਂਢੀ ਸੂਬਾ ਹਰਿਆਣਾ ਦੇ ਖਿਡਾਰੀ ਵੱਡੀ ਗਿਣਤੀ ਵਿੱਚ ਓਲੰਪਿਕ ਖੇਡਾਂ ਦਾ ਹਿੱਸਾ ਬਣਨ ਜਾ ਰਹੇ ਹਨ ਉਨ੍ਹਾਂ ਦੀ ਖੇਡ ਨੀਤੀ ਅਤੇ  ਅਤੇ ਖਿਡਾਰੀਆਂ ਦੇ ਚੰਗੇ ਹੁਨਰ ਮੁਤਾਬਿਕ  ਕੁਝ ਤਗ਼ਮੇ ਆਉਣ ਦੀ ਆਸ ਹੈ ਕਿਉਂਕਿ ਹਰਿਆਣਾ ਕੁਸ਼ਤੀ , ਨਿਸ਼ਾਨੇਬਾਜ਼ੀ , ਮੁੱਕੇਬਾਜ਼ੀ ਆਦਿ  ਹੋਰ ਵਿਅਕਤੀਗਤ ਖੇਡਾਂ ਵਿੱਚ ਪੰਜਾਬ ਨਾਲੋਂ ਕਾਫੀ ਅੱਗੇ ਹੈ  ਭਾਰਤੀ ਹਾਕੀ ਟੀਮ ਵਿਚ ਹਰਿਆਣਾ ਦੀਆਂ 9 ਖਿਡਾਰਨਾਂ ਚੁਣੀਆਂ ਗਈਆਂ ਹਨ, ਸ਼ਾਹਬਾਦ ਮਾਰਕੰਡਾ ਅਤੇ ਸੋਨੀਪਤ ਸੈੰਟਰ ਕੁੜੀਆਂ ਦੀ ਹਾਕੀ ਦਾ ਗੜ੍ਹ ਬਣ ਚੁੱਕੇ ਹਨ  ਜਦਕਿ ਪੰਜਾਬ ਦੀ ਸਿਰਫ਼ ਇੱਕ ਖਿਡਾਰਨ ਗੁਰਜੀਤ ਕੌਰ ਆਪਣੇ ਦਮ ਤੇ ਟੀਮ ਵਿੱਚ ਆਈ   ਹੈ  । ਸੱਚ ਇਹ ਹੈ ਕਿ ਪੰਜਾਬ ਦਾ ਓਲੰਪਿਕ ਖੇਡਾਂ ਵਿਚ ਪਹਿਲਾਂ ਵਾਲਾ ਜਲਵਾ ਨਹੀ ਰਿਹਾ ਕਿਉਂਕਿ ਪੰਜਾਬ ਸਰਕਾਰ ਦੀਆਂ ਖੇਡਾਂ ਪ੍ਰਤੀ  ਵੱਡੀਆਂ ਅਣਦੇਖੀਆਂ ਅਤੇ ਖੇਡ ਨੀਤੀ ਦਾ ਖਿਡਾਰੀਆਂ ਦੇ ਹਿੱਤ ਵਿੱਚ ਨਾ ਹੋਣਾ ਪੰਜਾਬ ਲਈ ਬੜਾ ਵੱਡਾ ਘਾਤਕ ਹੋ ਰਿਹਾ  । ਜੇਕਰ ਪੰਜਾਬ ਸਰਕਾਰ ਨੇ ਖੇਡਾਂ ਪ੍ਰਤੀ ਗੰਭੀਰਤਾ ਨਾ ਦਿਖਾਈ ਤਾਂ ਓਲੰਪਿਕ ਖੇਡਾਂ ਵਿੱਚੋਂ ਤਗ਼ਮੇ ਜਿੱਤਣਾ ਤਾਂ ਦੂਰ ਦੀ ਗੱਲ ਅਗਲੀਆਂ ਓਲੰਪਿਕ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆਂ ਦੀ  ਥੋੜ੍ਹੀ ਬਹੁਤੀ ਐਂਟਰੀ ਵੀ ਮੁਸ਼ਕਿਲ ਨਾਲ ਹੀ ਹੋਵੇਗੀ ਦੂਸਰੇ ਪਾਸੇ ਭਾਰਤੀ ਓਲੰਪਿਕ ਐਸੋਸੀਏਸ਼ਨ ਜੋ ਟੋਕੀਓ ਓਲੰਪਿਕ ਖੇਡਾਂ ਵਿੱਚ  ਅੱਜ ਤੋਂ 4 ਵਰ੍ਹੇ ਪਹਿਲਾਂ 25 ਤਗਮੇ ਜਿੱਤਣ ਦੇ ਟੀਚੇ ਦੀਆਂ ਗੱਲਾਂ ਕਰਦੀ   ਸੀ ਪਰ ਹੁਣ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ  ਨਰਿੰਦਰ ਬਤਰਾ ਭਾਵੇਂ 2 ਡਿਜਟ ( ਦੋ ਅੱਖਰੀ)  ਵਿੱਚ ਤਗ਼ਮੇ ਜਿੱਤਣ ਦੀ ਗੱਲ ਤਾਂ ਕਹਿੰਦੇ  ਹਨ  ਪਰ ਨਿਰਾਸ਼ਤਾ ਉਨ੍ਹਾਂ ਦੇ ਚਿਹਰੇ ਤੋਂ ਸਾਫ਼ ਝਲਕਦੀ ਦਿਸ ਰਹੀ ਹੈ ਕਿ ਅਸੀਂ ਓਲੰਪਿਕ  ਮੁਕਾਬਲੇ  ਮੁਤਾਬਿਕ ਤਿਆਰੀ ਨਹੀਂ ਕਰ ਸਕੇ  ਹਾਂ । ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਭਾਰਤ ਦੀ ਵਧੀਆ ਕਾਰਗੁਜ਼ਾਰੀ ਲੰਡਨ ਓਲੰਪਿਕ ਵਿੱਚ ਰਹੀ ਸੀ ਜਿਸ ਵਿੱਚ ਭਾਰਤ ਨੇ 6 ਤਗ਼ਮੇ ਜਿੱਤੇ ਸਨ ਇਸ ਤੋਂ ਇਲਾਵਾ  ਕੁੱਲ 31 ਐਡੀਸ਼ਨਾਂ  ਵਿੱਚ ਭਾਰਤ ਨੇ ਹੁਣ ਤਕ ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ  28 ਤਗ਼ਮੇ ਜਿੱਤੇ ਹਨ ਜਿਨ੍ਹਾਂ ਵਿੱਚੋਂ 11 ਤਗ਼ਮੇ ਹਾਕੀ ਵਿੱਚ ਹੀ ਜਿੱਤੇ ਹਨ ਜਿਸ ਵਿਚ 8 ਸੋਨ ਤਗ਼ਮੇ ਇਕ ਚਾਂਦੀ ਦਾ ਅਤੇ  2 ਕਾਂਸੀ ਦੇ ਤਗ਼ਮੇ ਹਨ, ਪੰਜਾਬ ਨੇ ਆਖ਼ਰੀ ਵਾਰ 2008 ਬੀਜਿੰਗ  ਓਲੰਪਿਕ ਖੇਡਾਂ  ਵਿੱਚ ਆਪਣਾ ਆਖਰੀ ਤਗ਼ਮਾ ਜਿੱਤਿਆ ਸੀ ਉਹ ਵੀ ਅਭਿਨਵ ਬਿੰਦਰਾ ਦੇ ਸੋਨ ਤਗ਼ਮੇ ਦੀ ਜਿੱਤ ਵਿਚ ਪੰਜਾਬ ਸਰਕਾਰ ਅਤੇ ਖੇਡ ਵਿਭਾਗ ਦੀ ਕੋਈ ਭੂਮਿਕਾ ਨਹੀਂ ਸੀ ।    ਕੁੱਲ ਮਿਲਾ ਕੇ ਟੋਕੀਓ ਓਲੰਪਿਕ ਖੇਡਾਂ ਵਿਚ ਜੇਕਰ ਪੰਜਾਬ ਦੀ ਕਾਰਗੁਜ਼ਾਰੀ ਦੀ ਘੋਖ ਕਰੀਏ ਤਾਂ ਮਰਦਾਂ ਦੀ ਹਾਕੀ ਨੂੰ ਛੱਡ ਕੇ ਪੰਜਾਬ ਦੇ ਖਿਡਾਰੀਆਂ ਤੋਂ ਕੋਈ ਵੱਡੀ ਆਸ ਨਹੀਂ ਕੀਤੀ ਜਾ ਸਕਦੀ  ਸਿਰਫ਼ ਕੋਈ ਕ੍ਰਿਸ਼ਮਾ ਹੀ ਪੰਜਾਬ ਦੇ ਖਿਡਾਰੀਆਂ ਨੂੰ ਤਗਮਾ ਜਿਤਾ ਸਕਦਾ ਹੈ, ਬਾਕੀ  ਓਲੰਪਿਕ ਖੇਡਾਂ ਤੋਂ ਬਾਅਦ ਫਿਰ ਉਹੀ ਰੋਣਾ ਧੋਣਾ  ਹੋਵੇਗਾ ਅਤੇ ਅਗਲੀਆਂ ਓਲੰਪਿਕ ਖੇਡਾਂ ਨੂੰ  ਸਾਡਾ ਮੁੱਖ ਟੀਚਾ ਦੱਸ ਕੇ ਸਾਡੇ ਖੇਡ ਪ੍ਰਬੰਧਕ ਅਤੇ ਰਾਜਨੀਤਕ ਲੋਕ ਖਹਿੜਾ ਛੁਡਾਉਣ ਗਏ । ਤਗ਼ਮਿਆਂ ਦਾ ਟੀਚਾ ਛੱਡ ਕੇ ਪੰਜਾਬ ਸਰਕਾਰ ਖਿਡਾਰੀਆਂ ਅਤੇ ਖੇਡਾਂ ਪ੍ਰਤੀ ਸੁਹਿਰਦ ਹੋਵੇ ਉਨ੍ਹਾਂ ਨੂੰ ਬਣਦੀਆਂ ਸਹੂਲਤਾਂ ਅਤੇ ਖਿਡਾਰੀਆਂ ਲਈ ਰੋਜ਼ਗਾਰ ਦਾ ਪ੍ਰਬੰਧ ਕਰੇ ਇਕ ਅਜਿਹੀ ਠੋਸ ਖੇਡ ਨੀਤੀ ਬਣੇ ਜਿਸ ਨਾਲ ਅਪਣੇ ਆਪ ਖੇਡ ਸੱਭਿਆਚਾਰ ਪ੍ਰਫੁੱਲਤ ਹੋਣ ਵੱਲ ਵਧੇ ਫੇਰ ਹੀ ਕਿਸੇ ਨਤੀਜੇ ਦੀ ਆਸ ਰੱਖ ਸਕਦੇ , ਪ੍ਰਮਾਤਮਾ ਸਾਡੇ ਖੇਡ ਆਕਾ ਨੂੰ ਸੁਮੱਤ ਬਖ਼ਸ਼ੇ  , ਪੰਜਾਬ ਦੇ ਖਿਡਾਰੀਆਂ ਦਾ  ਟੋਕੀਓ ਓਲੰਪਿਕ ਖੇਡਾਂ 2021  ਵਿਚ ਹੋਵੇਗਾ, ਰੱਬ ਰਾਖਾ  ।
ਜਗਰੂਪ ਸਿੰਘ ਜਰਖੜ 
ਖੇਡ ਲੇਖਕ।