ਸਨਿੱਚਰਵਾਰ ਨੂੰ ਸਵੇਰੇ 11 ਤੋਂ ਦੁਪਹਿਰ 12 ਵਜੇ ਤੱਕ ਚੁੱਪੀ ਧਾਰ ਕੇ ਕੋਵਿਡ ਕਾਰਨ ਵਿਛੜੇ ਲੋਕਾਂ ਨੂੰ ਦਿੱਤੀ ਜਾਵੇ ਸ਼ਰਧਾਂਜਲੀ-ਡੀ. ਸੀ

ਇਸ ਦੌਰਾਨ ਸੜਕੀ ਆਵਾਜਾਈ ਕਰਨ ਤੋਂ ਵੀ ਕੀਤਾ ਜਾਵੇ ਗੁਰੇਜ

ਸਨਿੱਚਰਵਾਰ ਨੂੰ ਸਵੇਰੇ 11 ਤੋਂ ਦੁਪਹਿਰ 12 ਵਜੇ ਤੱਕ ਚੁੱਪੀ ਧਾਰ ਕੇ ਕੋਵਿਡ ਕਾਰਨ ਵਿਛੜੇ ਲੋਕਾਂ ਨੂੰ ਦਿੱਤੀ ਜਾਵੇ ਸ਼ਰਧਾਂਜਲੀ-ਡੀ. ਸੀ
ਡਾ. ਸ਼ੇਨਾ ਅਗਰਵਾਲ, ਡਿਪਟੀ ਕਮਿਸ਼ਨਰ।

ਨਵਾਂਸ਼ਹਿਰ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਦਿਨੀਂ ਹਰੇਕ ਸਨਿੱਚਰਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਤੱਕ ਚੁੱਪੀ ਧਾਰ ਕੇ ਕੋਰੋਨਾ ਕਾਰਨ ਜਾਨਾਂ ਗਵਾਉਣ ਵਾਲਿਆਂ ਨੂੰ ਸ਼ਰਧਾਂਜਲੀ ਦੇਣ ਦੀ ਕੀਤੀ ਅਪੀਲ ਦੇ ਮੱਦੇਨਜ਼ਰ 27 ਮਾਰਚ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਵਿਚ ਵੀ ਲੋਕਾਂ ਵੱਲੋਂ ਕੋਰੋਨਾ ਕਾਲ ਵਿਚ ਵਿਛੋੜਾ ਦੇ ਗਏ ਲੋਕਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ। ਇਸ ਸਬੰਧੀ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਸਮੂਹ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਭਲਕੇ ਸਨਿੱਚਰਵਾਰ ਨੂੰ 11 ਤੋਂ 12 ਵਜੇ ਤੱਕ ਮੋਨ ਧਾਰ ਕੇ ਉਨਾਂ ਲੋਕਾਂ ਨੂੰ ਯਾਦ ਕਰਨ, ਜੋ ਕੋਰੋਨਾ ਖਿਲਾਫ਼ ਜੰਗ ਦੌਰਾਨ ਇਸ ਫਾਨੀ ਦੁਨੀਆ ਤੋਂ ਚਲੇ ਗਏ ਹਨ। ਉਨਾਂ ਕਿਹਾ ਕਿ ਇਸ ਸਮੇਂ ਦੌਰਾਨ ਸੜਕੀ ਆਵਾਜਾਈ ਕਰਨ ਤੋਂ ਵੀ ਗੁਰੇਜ ਕੀਤਾ ਜਾਵੇ। ਉਨਾਂ ਕਿਹਾ ਕਿ ਇਸ ਵਿਚ ਸਮਾਜਿਕ ਸੰਗਠਨ ਵੀ ਪੂਰਾ ਸਹਿਯੋਗ ਕਰਨਗੇ। ਉਨਾਂ ਜ਼ਿਲੇ ਦੇ ਸਮੂਹ ਸਰਪੰਚਾਂ ਅਤੇ ਪੰਚਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਪਿੰਡਾਂ ਵਿਚ ਲੋਕਾਂ ਨੂੰ ਜਾਗਰੂਕ ਕਰ ਕੇ ਸਨਿੱਚਰਵਾਰ ਨੂੰ ਸਵੇਰੇ 11 ਤੋਂ ਦੁਪਹਿਰ 12 ਵਜੇ ਤੱਕ ਚੁੱਪੀ ਧਾਰ ਕੇ ਕੋਰੋਨਾ ਮਹਾਮਾਰੀ ਦੌਰਾਨ ਵਿਛੋੜਾ ਦੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਅਤੇ ਇਸ ਇਕ ਘੰਟੇ ਦੌਰਾਨ ਸੜਕੀ ਆਵਾਜਾਈ ਤੋਂ ਗੋਰੇਜ ਕਰਨ। ਡਿਪਟੀ ਕਮਿਸ਼ਨਰ ਨੇ ਨਾਲ ਹੀ ਜ਼ਿਲਾ ਵਾਸੀਆਂ ਨੂੰ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਜ਼ਰੂਰੀ ਸਾਵਧਾਨੀਆਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ। ਉਨਾਂ ਕਿਹਾ ਕਿ ਹਰ ਸਮੇਂ ਮਾਸਕ ਪਾ ਕੇ ਰੱਖੋ, ਘੱਟੋ-ਘੱਟ 6 ਫੁੱਟ ਦੀ ਆਪਸੀ ਦੂਰੀ ਰੱਖੋ ਅਤੇ ਵਾਰ-ਵਾਰ ਹੱਥ ਧੋਂਦੇ ਰਹੋ। ਉਨਾਂ ਕਿਹਾ ਕਿ ਸਿਹਤ ਸੰਭਾਲ ਕਰਮੀ, ਫਰੰਟ ਲਾਈਨ ਵਰਕਰ, ਸੀਨੀਅਰ ਸਿਟੀਜ਼ਨ, ਸਹਿ-ਰੋਗਾਂ ਤੋਂ ਪੀੜਤ 45 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਆਪਣੇ ਨੇੜਲੇ ਸਿਹਤ ਕੇਂਦਰਾਂ ਵਿਚੋਂ ਕੋਵਿਡ ਦਾ ਟੀਕਾ ਜ਼ਰੂਰ ਲਗਵਾਉਣ, ਤਾਂ ਜੋ ਇਸ ਬਿਮਾਰੀ ਤੋਂ ਬਚਿਆ ਜਾ ਸਕੇ। ਉਨਾਂ ਦੱਸਿਆ ਕਿ 1 ਅਪ੍ਰੈਲ ਤੋਂ 45 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਵਿਅਕਤੀ ਕੋਵਿਡ ਦਾ ਟੀਕਾ ਲਗਵਾ ਸਕੇਗਾ।