ਕੋਵਿਡ-19: ਫੱਲ੍ਹ, ਸਬਜੀਆਂ ਦੇ ਵਿਕਰੇਤਾਵਾਂ ਨੂੰ ਭਾਅ ਸੂਚੀ ਨਾਲ ਰੱਖਣ ਦੀ ਹਦਾਇਤ
ਕਿਸੇ ਵੀ ਵਿਕਰੇਤਾ ਨੂੰ ਜ਼ਰੂਰੀ ਵਸਤਾਂ ਦੇ ਭਾਅ ਬਾਜ਼ਾਰ ਦੇ ਭਾਅ ਤੋਂ ਵੱਧ ਰੱਖਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ-ਜ਼ਿਲ੍ਹਾ ਮੈਜਿਸਟ੍ਰੇਟ
ਲੁਧਿਆਣਾ: ਲੁਧਿਆਣਾ ਵਿੱਚ ਲੌਕਡਾਊਨ ਦੇ ਚੱਲਦਿਆਂ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਫਲ਼ ਅਤੇ ਸਬਜੀ ਵਿਕਰੇਤਾਵਾਂ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਉਹ ਘਰ-ਘਰ ਜਾ ਕੇ ਸਮਾਨ ਵੇਚਣ ਵੇਲੇ ਭਾਅ ਸੂਚੀ ਨੂੰ ਆਪਣੇ ਰੇਹੜਿਆਂ 'ਤੇ ਲਗਾ ਕੇ ਰੱਖਣਾ ਯਕੀਨੀ ਬਣਾਉਣ ਤਾਂ ਜੋ ਲੋਕਾਂ ਨਾਲ ਕਿਸੇ ਵੀ ਤਰ੍ਹਾਂ ਦੀ ਠੱਗੀ ਠੋਰੀ ਨਾ ਹੋ ਸਕੇ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਕਈ ਸ਼ਿਕਾਇਤਾਂ ਆ ਰਹੀਆਂ ਹਨ ਕਿ ਆਮ ਲੋਕਾਂ ਨੂੰ ਇਹ ਸਮਾਨ ਉੱਚ ਭਾਅ ਨਾਲ ਵੇਚਿਆ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਕਿਸੇ ਨੂੰ ਵੀ ਨਿਰਧਾਰਤ ਭਾਅ ਤੋਂ ਜਿਆਦਾ ਸਮਾਨ ਵੇਚਣ ਦੀ ਆਗਿਆ ਨਹੀਂ ਹੋਵੇਗੀ। ਅਜਿਹਾ ਕਰਨ ਵਾਲੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਾਲ-ਨਾਲ ਉਨ੍ਹਾਂ ਦਾ ਲਾਇਸੰਸ ਰੱਦ ਕੀਤਾ ਜਾਵੇਗਾ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਜ਼ਰੂਰੀ ਵਸਤਾਂ ਦੀ ਕੋਈ ਕਮੀ ਨਹੀਂ ਹੈ। ਜ਼ਿਲ੍ਹਾ ਵਾਸੀਆਂ ਨੂੰ ਉਨ੍ਹਾਂ ਦੀ ਲੋੜ ਮੁਤਾਬਿਕ ਖਾਧ ਪਦਾਰਥ ਮੁਹੱਈਆ ਕਰਵਾਏ ਜਾ ਰਹੇ ਹਨ। ਹੁਣ ਪ੍ਰਸਾਸ਼ਨ ਵੱਲੋਂ ਨਿੱਜੀ ਕੰਪਨੀਆਂ ਰਿਲਾਇੰਸ ਫ੍ਰੈੱਸ਼, ਵਿਸ਼ਾਲ ਮੇਗਾ ਮਾਰਟ, ਬੈੱਸਟ ਪ੍ਰਾਈਸ, ਹੌਪ, ਸਵਿੱਗੀ ਅਤੇ ਐਮਾਜ਼ੋਨ ਆਦਿ ਦੇ ਸਹਿਯੋਗ ਨਾਲ ਘਰ-ਘਰ ਸਪਲਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਜ਼ਰੂਰੀ ਵਸਤਾਂ ਦੇ ਹੋਲਸੇਲਰਾਂ ਨੂੰ ਖੁੱਲ੍ਹ ਦਿੱਤੀ ਹੈ ਕਿ ਉਹ ਦੁਕਾਨਦਾਰਾਂ ਨੂੰ ਸਪਲਾਈ ਕਰਨ ਵਾਲੇ ਸਮਾਨ ਦੀ ਖੁਦ ਢੋਆ-ਢੁਆਈ ਕਰਵਾ ਸਕਦੇ ਹਨ। ਇੱਕ ਹੋਰ ਹੁਕਮ ਵਿੱਚ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਬਰੈੱਡ, ਕੇਕ ਅਤੇ ਬਿਸਕੁਟ ਆਦਿ ਤਿਆਰ ਕਰਨ ਵਾਲੀਆਂ ਕੰਪਨੀਆਂ ਨੂੰ ਰਾਹਤ ਦਿੰਦਿਆਂ ਉਹ ਫੈਕਟਰੀਆਂ ਵਿੱਚ 50 ਫੀਸਦੀ ਸਟਾਫ ਨਾਲ ਕੰਮ ਕਰਵਾ ਸਕਣਗੇ। ਪਰ ਵਰਕਰਾਂ ਵਿੱਚ ਘੱਟੋ ਘੱਟ ਦੋ ਮੀਟਰ ਦਾ ਫਾਸਲਾ, ਮਾਸਕ, ਦਸਤਾਨੇ ਆਦਿ ਦਾ ਪਾਉਣਾ ਲਾਜ਼ਮੀ ਹੈ। ਕੰਮ ਵਾਲੇ ਸਥਾਨ 'ਤੇ ਹੱਥ ਸਾਫ਼ ਕਰਨ ਵਾਲਾ ਸੈਨੀਟਾਈਜ਼ਰ ਅਤੇ ਸਾਬਣ ਆਦਿ ਰੱਖਣਾ ਪਵੇਗਾ। ਫੈਕਟਰੀ ਦੇ ਖੇਤਰ ਨੂੰ ਸਾਫ਼ ਰੱਖਣਾ ਜ਼ਰੂਰੀ ਹੋਵੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਰਿਆਨਾ, ਦਵਾਈਆਂ ਅਤੇ ਹੋਰ ਦੁਕਾਨਾਂ ਦਾ ਵੇਰਵਾ ਵੈੱਬਸਾਈਟ www.ludhiana.nic.in 'ਤੇ ਪਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਅਤੇ ਨਗਰ ਨਿਗਮ ਪ੍ਰਸਾਸ਼ਨ ਨੇ ਫੈਸਲਾ ਕੀਤਾ ਹੈ ਕਿ ਜੇਕਰ ਕੋਈ ਦੁਕਾਨਦਾਰ ਲੋਕਾਂ ਨੂੰ ਘਰ-ਘਰ ਸਮਾਨ ਦੀ ਡਲਿਵਰੀ ਨਹੀਂ ਕਰਦਾ ਤਾਂ ਉਨ੍ਹਾਂ ਦਾ ਲਾਇਸੰਸ ਰੱਦ ਕਰ ਦਿੱਤਾ ਜਾਵੇਗਾ। ਇਸੇ ਤਰ੍ਹਾਂ ਖਾਣ ਪੀਣ ਵਾਲੀਆਂ ਵਸਤਾਂ ਦੀ ਜਮਾਂਖੋਰੀ ਕਰਨ ਵਾਲਿਆਂ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰ 'ਤੇ ਲੋਕਾਂ ਦੀਆਂ ਸਮੱਸਿਆਵਾਂ ਜਾਨਣ ਅਤੇ ਸਮੁੱਚੇ ਕਾਰਜਾਂ ਨੂੰ ਸੁਚਾਰੂ ਤਰੀਕੇ ਨਾਲ ਜਾਰੀ ਰੱਖਣ ਲਈ ਵਧੀਕ ਡਿਪਟੀ ਕਮਿਸ਼ਨਰ (ਵ) ਦੇ ਦਫ਼ਤਰ ਵਿੱਚ ਵਾਰ ਰੂਮ ਅਤੇ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਕੰਟਰੋਲ ਰੂਮ ਨੂੰ 24 ਘੰਟੇ ਚਲਾਉਣ ਦਾ ਕੰਮ ਵੱਖ-ਵੱਖ ਵਿਭਾਗਾਂ ਦੇ 138 ਅਧਿਕਾਰੀ ਕਰਮਚਾਰੀ ਦੇਖ ਰਹੇ ਹਨ।
ਉਨ੍ਹਾਂ ਦੱਸਿਆ ਕਿ ਲੋਕ ਸਮੱਸਿਆਵਾਂ ਦੱਸਣ ਲਈ 01612401347, 2402347, 2444193, 9417228520, 9115601158, 9464596757 'ਤੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਸਿਹਤ ਵਿਭਾਗ ਵਿੱਚ ਸਥਾਪਤ ਕੰਟਰੋਲ ਰੂਮ (ਸੰਪਰਕ ਨੰਬਰ 01614622276), ਐੱਸ. ਡੀ. ਐੱਮ. ਪਾਇਲ (01628244292, 276892), ਨਗਰ ਨਿਗਮ ਲੁਧਿਆਣਾ (01614085039), ਖੰਨਾ ਪੁਲਿਸ (9592914053), ਲੁਧਿਆਣਾ ਦਿਹਾਤੀ ਪੁਲਿਸ (8556019100), ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ (01612453202, 2454202) ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।