ਪੀ ਸੀ ਐੱਸ (ਜੁਡੀਸ਼ੀਅਲ) ਪਾਸ ਕਰਨ ਵਾਲੀ ਯੋਗਿਤਾ ਦਾ ਡਿਪਟੀ ਕਮਿਸ਼ਨਰ ਵੱਲੋਂ ਸਨਮਾਨ

ਪੀ ਸੀ ਐੱਸ ( ਜੁਡੀਸ਼ੀਅਲ) ਪਾਸ ਕਰਨ ਵਾਲੀ ਅਹਿਮਦਗੜ੍ਹ ਦੀ ਯੋਗਿਤਾ ਨੂੰ ਸਨਮਾਨਿਤ ਕਰਦੇ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਡਾ ਪੱਲਵੀ,ਉਨ੍ਹਾਂ  ਨਾਲ ਦਿਖਾਈ ਦੇ ਰਹੇ ਹਨ  ਸਹਾਇਕ ਕਮਿਸ਼ਨਰ ਸ੍ਰੀ ਗੁਰਮੀਤ ਕੁਮਾਰ ਬਾਂਸਲ ਅਤੇ ਹੋਰ ਪਤਵੰਤੇ।

ਪੀ ਸੀ ਐੱਸ (ਜੁਡੀਸ਼ੀਅਲ) ਪਾਸ ਕਰਨ ਵਾਲੀ ਯੋਗਿਤਾ ਦਾ ਡਿਪਟੀ ਕਮਿਸ਼ਨਰ ਵੱਲੋਂ ਸਨਮਾਨ

ਮੰਡੀ ਅਹਿਮਦਗੜ੍ਹ/ਮਲੇਰਕੋਟਲਾ 16 ਅਕਤੂਬਰ, 2023: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਾਲ ਹੀ ਵਿੱਚ ਸਧਾਰਨ ਪਰਿਵਾਰੋਂ ਵਿੱਚੋਂ ਪੀ ਸੀ ਐੱਸ (ਜੁਡੀਸ਼ੀਅਲ) ਪਾਸ ਕਰਨ ਵਾਲੀਆਂ ਲੜਕੀਆਂ ਨੂੰ ਸਨਮਾਨਿਤ ਕਰਨ ਦੀ ਪਹਿਲਕਦਮੀ ਕੀਤੀ ਗਈ। ਇਸ ਮੌਕੇ ਸਹਾਇਕ ਕਮਿਸ਼ਨਰ ਗੁਰਮੀਤ ਕੁਮਾਰ ਬਾਂਸਲ ਵੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਮਾਲੇਰਕੋਟਲਾ ਡਾ ਪੱਲਵੀ ਦੀ ਰਹਿਨੁਮਾਈ ਹੇਠ ਸ਼ੁਰੂ ਕੀਤੀ ਗਈ ਪਹਿਲਕਦਮੀ ਨਾਲ ਇਲਾਕੇ ਦੇ ਸਕੂਲਾਂ ਕਾਲਜਾਂ ਵਿੱਚ ਪੜ੍ਹਦੀਆਂ ਲੜਕੀਆਂ ਦਾ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰੀ ਕਰਨ ਲਈ ਉਤਸ਼ਾਹ ਵਧਣ ਦੀ ਆਸ ਪ੍ਰਗਟ ਕੀਤੀ ਗਈ ਹੈ।

ਅਹਿਮਦਗੜ੍ਹ ਮੰਡੀ ਦੇ ਇੱਕ ਸਧਾਰਨ ਪਰਿਵਾਰ ਤੋਂ ਪਹਿਲੀ ਕੋਸ਼ਿਸ਼ਾਂ ਵਿੱਚ ਪੀ ਸੀ ਐੱਸ (ਜੁਡੀਸ਼ੀਅਲ ) ਲਈ ਚੁਣੀ ਗਈ ਯੋਗਿਤਾ ਨੂੰ ਸਨਮਾਨਿਤ ਕਰਨ ਤੋਂ ਬਾਅਦ ਮਾਲੇਰਕੋਟਲਾ ਡਾ ਪੱਲਵੀ ਨੇ ਖ਼ੁਸ਼ੀ ਪ੍ਰਗਟ ਕੀਤੀ ਕਿ ਬੀਤੇ ਸਮੇਂ ਦੌਰਾਨ ਆਮ ਅਤੇ ਸੰਘਰਸ਼ਸ਼ੀਲ ਪਰਿਵਾਰਾਂ ਵਿੱਚੋਂ ਆਪਣੀ ਮਿਹਨਤ ਨਾਲ ਸੂਬਾ ਅਤੇ ਕੌਮੀ ਪੱਧਰ ਦੀਆਂ ਪ੍ਰੀਖਿਆਵਾਂ ਵਿੱਚ ਮੋਹਰੀ ਪੁਜ਼ੀਸ਼ਨਾਂ ਹਾਸਲ ਕਰਕੇ ਇਸ ਖੇਤਰ ਦੀਆਂ ਲੜਕੀਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਕਾਮਯਾਬੀ ਕਿਸੇ ਦੌਲਤ ਦੀ ਮੁਹਤਾਜ ਨਹੀਂ ਹੁੰਦੀ ।

ਆਪਣੇ ਜ਼ਿਲ੍ਹੇ ਵਿੱਚ ਨਵੀਂ ਪਹਿਲਕਦਮੀ ਕਰਦਿਆਂ ਡਾ ਪੱਲਵੀ ਨੇ ਐਲਾਨ ਕੀਤਾ ਕਿ ਵਿਲੱਖਣ ਪ੍ਰਤਿਭਾ ਵਾਲੀਆਂ ਕਾਮਯਾਬ ਹੋਈਆਂ ਲੜਕੀਆਂ ਨਾਲ ਤਾਲਮੇਲ ਕਰਕੇ ਸਕੂਲਾਂ ਅਤੇ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਲੈਕਚਰ ਅਤੇ ਰੂਬਰੂ ਪ੍ਰੋਗਰਾਮ ਕਰਵਾਏ ਜਾਣਗੇ!

ਇਸ ਮੌਕੇ ਉਨ੍ਹਾਂ ਪੀ ਸੀ ਐੱਸ (ਜੁਡੀਸ਼ੀਅਲ) ਪਾਸ ਕਰਨ ਵਾਲੀ ਮਲੇਰਕੋਟਲਾ ਦੀ ਬੇਟੀ ਗੁਲਫਾਮ ਸੱਯਦ ਨੂੰ ਵੀ ਵਧਾਈ ਦਿੱਤੀ ਉਹਨਾਂ ਦੇ ਉੱਜਲ ਭਵਿੱਖ ਦੀ ਕਾਮਨਾ ਵੀ ਕੀਤੀ । ਇਸ ਸਬੰਧ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ( ਸੈਕੰਡਰੀ) ਜਸਵਿੰਦਰ ਕੌਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ( ਐਲੀਮੈਂਟਰੀ) ਮੁਹੰਮਦ ਖ਼ਲੀਲ ਨੂੰ ਨਿਰਦੇਸ਼ ਦੇ ਦਿੱਤੇ ਗਏ ਹਨ।